* ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਹੋਵੇਗਾ ਰਾਤ ਦਾ ਕਰਫਿਊ
* ਸਕੂਲ, ਕਾਲਜ, ਵਿੱਦਿਅਕ ਅਦਾਰੇ ਤੇ ਹੋਰ ਕੋਚਿੰਗ ਸੈਟਰ 31 ਜੁਲਾਈ ਤੱਕ ਰਹਿਣਗੇ ਬੰਦ
ਬਰਨਾਲਾ, 3 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਮੈਜਿਸਟ੍ਰੇਟ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਪੰਜਾਬ ਸਰਕਾਰ ਦੇ ਆਦੇਸ਼ਾਂ ਤਹਿਤ ਜ਼ਿਲ੍ਹੇ ਦੀ ਹਦੂਦ ਅੰਦਰ ਲਾਕਡਾਊਨ ਵਿੱਚ ਅੰਸ਼ਿਕ ਢਿੱਲ ਬਾਰੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲ, ਕਾਲਜ ਤੇ ਹੋਰ ਵਿੱਦਿਅਕ ਅਦਾਰੇ ਅਤੇ ਹੋਰ ਕੋਚਿੰਗ ਸੈਟਰ 31 ਜੁਲਾਈ, 2020 ਤੱਕ ਬੰਦ ਰਹਿਣਗੇ। ਆਨਲਾਈਨ ਡਿਸਟਂੈਸ ਲਰਨਿੰਗ ਪ੍ਰਣਾਲੀ ਰਾਹੀ ਸਿੱਖਿਆ ਦੀ ਪ੍ਰਵਾਨਗੀ ਹੋਵੇਗੀ। ਸਿਨੇਮਾ ਘਰ, ਜਿਮਨੇਜੀਅਮ, ਸਵਿਮਿੰਗ ਪੂਲ, ਥੀਏਟਰ, ਬਾਰ, ਅਸੈਂਬਲੀ ਘਰ ਅਤੇ ਅਜਿਹੀਆਂ ਹੋਰ ਥਾਵਾਂ ਅਜੇ ਮੁਕੰਮਲ ਤੌਰ ’ਤੇ ਬੰਦ ਰਹਿਣਗੀਆਂ। ਸਮਾਜਿਕ, ਰਾਜਨੀਤਿਕ, ਖੇਡਾਂ ਸਬੰਧੀ, ਮਨੋਰੰਜਨ ਸਬੰਧੀ, ਅਕਾਦਮਿਕ ਸੱਭਿਆਚਾਰਕ, ਧਾਰਮਿਕ ਤੇ ਹੋਰ ਵੱਡੇ ਇਕੱਠਾਂ ’ਤੇ ਪਾਬੰਦੀ ਹੋਵੇਗੀ। ਕਰਫਿਊ ਰਾਤ 10 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ।
ਵਿਆਹ ਸਮਾਰੋਹਾਂ ਵਿੱਚ ਵੱਧ ਤੋਂ ਵੱਧ 50 ਮਹਿਮਾਨਾਂ ਦੇ ਇਕੱਠ ਦੀ ਆਗਿਆ ਹੋਵੇਗੀ। ਅੰਤਿਮ ਰਸਮਾਂ ਵਿੱਚ ਵੱਧ ਤੋਂ ਵੱਧ 20 ਵਿਅਕਤੀਆਂ ਦੇ ਇਕੱਠ ਦੀ ਆਗਿਆ ਹੋਵੇਗੀ। ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲਣ੍ਹਗੇ। ਪੂਜਾ/ਅਰਦਾਸ ਸਮੇਂ ਨਿਰਧਾਰਿਤ ਦੂਰੀ ਨਾਲ ਵੱਧ ਤੋਂ ਵੱਧ 20 ਵਿਅਕਤੀਆਂ ਦੇ ਇਕੱਠ ਦੀ ਹੀ ਆਗਿਆ ਹੋਵਗੀ। ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਹੋਵੇਗੀ, ਪਰ ਕੋਵਿਡ 19 ਦੇ ਸਬੰਧੀ ਇਹਤਿਆਤ ਵਰਤਣੇ ਲਾਜ਼ਮੀ ਹੋਣਗੇ।
ਰੈਸਟੋਰੈਟ ਵਿੱਚ ਬੈਠਣ ਦੀ ਸਮਰੱਥਾ ਦਾ 50 ਫੀਸਦੀ ਜਾਂ 50 ਮਹਿਮਾਨ ਦੋਨਾਂ ਵਿੱਚੋ ਜੋ ਘੱਟ ਹੈ, ਦੀ ਹੀ ਇਜਾਜ਼ਤ ਰਾਤ 9 ਵਜੇ ਤੱਕ ਹੀ ਹੋਵੇਗੀ। ਬਾਰ ਬੰਦ ਰਹਿਣਗੇ, ਪਰ ਰਾਜ ਦੀ ਆਬਕਾਰੀ ਨੀਤੀ ਤਹਿਤ ਸ਼ਰਾਬ ਰੈਸਟੋਰੈਂਟਾਂ ਵਿੱਚ ਵਰਤਾਈ ਜਾ ਸਕਦੀ ਹੈ। ਹੋਟਲ ਦੇ ਅੰਦਰ ਸਥਿਤ ਰੈਸਟੋਰੈਟ ਨੂੰ ਖਾਣਾ ਅਤੇ ਬੁਫੇ ਮੀਲ ਪਰੋਸਨ ਦੀ ਆਗਿਆ ਬੈਠਣ ਦੀ ਸਮਰੱਥਾ ਦਾ 50 ਫੀਸਦੀ ਜਾਂ 50 ਮਹਿਮਾਨ ਦੋਨਾਂ ਵਿੱਚੋ ਜੋ ਘੱਟ ਹੈ, ਦੀ ਹੋਵੇਗੀ।
ਸ਼ਹਿਰ ਅਤੇ ਪੇਡੂ ਖੇਤਰਾਂ ਵਿੱਚ ਮੇਨ ਬਜ਼ਾਰਾਂ ਦੀਆਂ ਸਾਰੀਆਂ ਦੁਕਾਨਾਂ ਸਮੇਤ ਸ਼ਾਪਿੰਗ ਮਾਲ ਸਵੇਰੇ 7 ਵਜੇ ਤੋਂ ਰਾਤ 8 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਹਫ਼ਤੇ ਦੇ ਸਾਰੇ ਦਿਨ ਭਾਵ ਐਤਵਾਰ ਵੀ ਖੁੱਲ੍ਹ ਸਕਣਗੀਆਂ। ਰੈਸਟੋਰੈਂਟ ਤੇ ਸ਼ਰਾਬ ਦੇ ਠੇਕਿਆਂ ਨੂੰ ਹਫ਼ਤੇ ਦੇ ਸਾਰੇ ਦਿਨ ਰਾਤ 9 ਵਜੇ ਤੱਕ ਖੁੱਲ੍ਹਣ ਦੀ ਆਗਿਆ ਹੋਵੇਗੀ। ਐਤਵਾਰ ਨੂੰ ਜ਼ਰੂਰੀ ਵਸਤਾਂ ਤੋਂ ਬਿਨਾਂ ਬਾਕੀ ਦੁਕਾਨਾਂ ਅਤੇ ਸ਼ਾਪਿੰਗ ਮਾਲ ਬੰਦ ਰਹਿਣਗੇ।
ਉਦਯੋਗਾਂ ਅਤੇ ਹੋਰ ਅਦਾਰਿਆਂ ਦੁਆਰਾ ਉਨ੍ਹਾਂ ਦੇ ਕੰਮਕਾਜ ਲਈ ਵੱਖਰੀ ਆਗਿਆ ਦੀ ਲੋੜ ਨਹੀ ਹੋਵਗੀ। ਇਨ੍ਹਾਂ ਉਦਯੋਗਾਂ ਅਤੇ ਅਦਾਰਿਆਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨਿਰਧਾਰਿਤ ਸਮੇਂ ਦੌਰਾਨ ਬਿਨਾਂ ਕਿਸੇ ਪਾਸ ਤੋਂ ਆਵਾਜਾਈ ਦੀ ਇਜ਼ਾਜਤ ਹੋਵੇਗੀ। ਰਾਜ ਤੋਂ ਬਾਹਰ ਜਾਣ ਹਿੱਤ ਯਾਤਰੀਆਂ ਲਈ ਕੋਵਾ ਐਪ ਤੋਂ ਸੈਲਫ ਜਨਰੇਟਡ ਈ-ਪਾਸ ਪ੍ਰਾਪਤ ਕਰਨਾ ਲਾਜ਼ਮੀ ਹੋਵੇਗਾ।
ਸਾਰੀਆਂ ਗਤੀਵਿਧੀਆਂ ਲਈ ਸਮਾਜਿਕ ਦੂਰੀ ਰੱਖਦੇ ਹੋਏ ਜਨਤਕ ਥਾਵਾਂ ਸਮੇਤ ਕੰਮ ਕਰਨ ਵਾਲੀਆਂ ਥਾਵਾਂ ਆਦਿ ਤੋਂ ਸਾਰੇ ਵਿਅਕਤੀਆਂ ਦੁਆਰਾ ਮਾਸਕ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ। ਜਨਤਕ ਥਾਵਾਂ ’ਤੇ ਥੁੱਕਣ ਉਤੇ ਪੂਰਨ ਪਾਬੰਦੀ ਹੈ ਅਤੇ ਅਜਿਹਾ ਕਰਨ ਦੀ ਸੂਰਤ ਵਿੱਚ ਜੁਰਮਾਨਾ ਕੀਤਾ ਜਾਵੇਗਾ। ਜਨਤਕ ਥਾਵਾਂ ’ਤੇ ਸ਼ਰਾਬ, ਪਾਨ, ਗੁਟਕਾ, ਤੰਬਾਕੂ ਆਦਿ ਦੇ ਸੇਵਨ ’ਤੇ ਪੂਰਨ ਪਾਬੰਦੀ ਹੈ।