ਸੁਨਾਮ ਊਧਮ ਸਿੰਘ ਵਾਲਾ, 22 ਜੂਨ (ਅਨਿਲ ਭਾਰਤੀ) -ਸੂਬੇ ਦੇ ਸਾਬਕਾ ਵਿੱਤ ਮੰਤਰੀ ਤੇ ਲਹਿਰਾਗਾਗਾ ਤੋਂ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਬੁਰਾ ਹਾਲ ਪਾਰਟੀ ਦੀ ਕਮਜ਼ੋਰ ਲੀਡਰਸ਼ਿਪ ਹੋਣ ਕਰਕੇ ਹੋਇਆ ਹੈ ਕਿਉਂਕਿ ਪਾਰਟੀ ਸਿਧਾਂਤਾਂ ਤੇ ਸ਼ਾਨਦਾਰ ਰਵਾਇਤਾਂ ਨੂੰ ਛਿੱਕੇ ਟੰਗ ਕੇ ਰੇਤ ਮਾਫੀਆ, ਭੂ-ਮਾਫੀਆ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਨੂੰ ਹਵਾ ਦੇਣ ਲੱਗ ਪਿਆ ਸੀ ਜਿਸਦਾ ਖਮਿਆਜਾ ਅਕਾਲੀ ਦਲ ਨੂੰ ਵਿਧਾਨ ਸਭਾ ਤੇ ਲੋਕ ਸਭਾ ਵਿੱਚ ਭੁਗਤਣਾ ਪਿਆ। ਉਹਨਾਂ ਕਿਹਾ ਕਿ ਕਮਜ਼ੋਰ ਲੀਡਰਸ਼ਿਪ ਦੀ ਕਮਜ਼ੋਰੀ ਕਰਕੇ ਹੀ ਨੌਜਵਾਨ ਪਾਸਾ ਵੱਟ ਗਏ ਅਤੇ ਅਕਾਲੀ ਦਲ ਕੋਲ ਹੁਣ ਅਕਾਲੀ ਦਲ ਦੇ ਨਾਂਅ ਕਰਕੇ ਆਗੂ ਖੜੇ ਹਨ ਜੋ ਹੌਲੀ-ਹੌਲੀ ਖਿਸਕਣ ਲੱਗੇ ਹਨ। ਇਸ ਕਰਕੇ ਬਾਦਲ ਛੱਡੋ ਮੁਹਿੰਮ ਅੱਗੇ ਵੱਧ ਰਹੀ ਹੈ। ਢੀਂਡਸਾ ਇੱਥੇ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇ: ਪ੍ਰਿਤਪਾਲ ਸਿੰਘ ਹਾਂਡਾ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਢੀਂਡਸਾ ਨੇ ਕਿਹਾ ਕਿ ਉਂਝ ਲੋਕ ਅਕਾਲੀ ਵਿਚਾਰਧਾਰਾ ਨੂੰ ਓਨਾ ਹੀ ਮਾਣ ਸਤਿਕਾਰ ਦਿੰਦੇ ਹਨ ਜਿਨ੍ਹਾ ਕੁਝ ਅਰਸਾ ਪਹਿਲਾਂ ਦਿੰਦੇ ਰਹੇ ਹਨ ਅਤੇ ਸਭ ਸੋਚਦੇ ਹਨ ਕਿ ਅਕਾਲੀ ਵਿਚਾਰਧਾਰਾ ਸਦਕਾ ਹੀ ਪੰਜਾਬ ਦਾ ਭਲਾ ਸੰਭਵ ਹੈ। ਢੀਂਡਸਾ ਨੇ ਕਿਹਾ ਕਿ ਬਾਦਲ ਪਰਿਵਾਰ ਤੋਂ ਲੋਕ ਪਹਿਲਾਂ ਬੇਹੱਦ ਔਖੇ ਹਨ ਹੁਣ ਖੇਤੀ ਅਤੇ ਖੇਤੀ ਮੰਡੀਕਰਨ ਮਾਮਲੇ ਦੇ ਸਟੈਂਡ ਨੇ ਸੁਖਬੀਰ ਸਿੰਘ ਬਾਦਲ ਦੀ ਕਾਰਪੋਰੇਟ ਘਰਾਣਿਆਂ ਪੱਖੀ ਸੋਚ ਨੂੰ ਜਗ-ਜਾਹਿਰ ਕਰ ਦਿੱਤਾ ਹੈ। ਸਾਬਕਾ ਵਿੱਤ ਮੰਤਰੀ ਨੇ ਕਿਹਾ ਕਿ ਬਾਦਲਾਂ ਨੇ ਕਿਸਾਨ ਤੇ ਪੰਜਾਬ ਵਿਰੋਧੀ ਫੈਸਲਿਆਂ ਬਾਰੇ ਸਟੈਂਡ ਕੇਂਦਰੀ ਮੰਤਰੀ ਹਰਸਿਮਰਤ ਕੌਰ ਦੀ ਕੁਰਸੀ ਬਚਾਉਣ ਖਾਤਰ ਲਿਆ ਹੈ। ਉਹਨਾਂ ਕਰੋਨਾ ਨਾਲ ਨਜਿੱਠਣ ਲਈ ਕੇਂਦਰ ਤੇ ਪੰਜਾਬ ਸਰਕਾਰ ਦੀ ਤਿੱਖੀ ਅਲੋਚਨਾ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਅਣਗਹਿਲੀਆਂ ਕਾਰਨ ਆਮ ਲੋਕਾਂ ਨੂੰ ਕੁਝ ਜ਼ਿਆਦਾ ਮੁਸ਼ਕਿਲਾਂ ਨਾਲ ਜੂਝਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਲਾਕਡਾਊਨ ਦੌਰਾਨ ਸਮਾਂ ਮਿਲਣ ਦੇ ਬਾਵਜੂਦ ਹਸਪਤਾਲਾਂ ਅੰਦਰ ਅਜੇ ਤਕ ਇਨਫਰਾਸਟਰਕਚਰ ਦਾ ਪ੍ਰਬੰਧ ਨਹੀਂ ਕੀਤਾ ਗਿਆ। ਉਹਨਾਂ ਦਾਅਵਾ ਕੀਤਾ ਕਿ ਨਵਾਂ ਅਕਾਲੀ ਦਲ ਦੋ ਕੁ ਮਹੀਨਿਆਂ ਦੇ ਅੰਦਰ ਹੋਂਦ ਵਿੱਚ ਆ ਜਾਵੇਗਾ ਜਿਸਦਾ ਚਿਹਰਾ ਮੋਹਰਾ ਪੰਥਕ ਹੋਵੇਗਾ। ਢੀਂਡਸਾ ਨੇ ਕਿਹਾ ਕਿ ਪੰਜਾਬ ਅੰਦਰ ਬਾਦਲ ਤੇ ਕੈਪਟਨ ਖਿਲਾਫ ਤੀਸਰਾ ਫਰੰਟ ਵੀ ਬਣੇਗਾ ਕਿਉਂਕਿ ਪੰਜਾਬ ਦੇ ਸਮੁੱਚੇ ਲੋਕ ਦੋਵੇਂ ਪਾਰਟੀਆਂ ਤੋਂ ਔਖੇ ਹਨ, ਇਸ ਡਰ ਦੇ ਮਾਰੇ ਕੈਪਟਨ ਤੇ ਸੁਖਬੀਰ ਨਵੇਂ ਫਰੰਟ ਦੀਆਂ ਸਰਗਰਮੀਆਂ ਨੂੰ ਰੋਕਣ ਦਾ ਯਤਨ ਕਰ ਰਹੇ ਹਨ। ਉਹਨਾਂ ਲੋਕਾਂ ਨੂੰ ਜ਼ੋਰਦਾਰ ਅਪੀਲ ਕੀਤੀ ਕਿ ਪੰਥ ਤੇ ਪੰਜਾਬ ਦੇ ਭਲੇ ਲਈ ਸੁਖਦੇਵ ਸਿੰਘ ਢੀਂਡਸਾ ਦੀ ਸ਼ੁਰੂ ਕੀਤੀ ਮੁੰਹਿਮ ਹੋਰ ਪ੍ਰਚੰਡ ਕਰਨ ਲਈ ਅੱਗੇ ਆਉਣ। ਇਸ ਮੌਕੇ ਪ੍ਰਿਤਪਾਲ ਸਿੰਘ ਹਾਂਡਾ ਨੇ ਕਿਹਾ ਕਿ ਜ਼ਿਲ੍ਹਾ ਸੰਗਰੂਰ ਦੇ ਵੱਡੀ ਗਿਣਤੀ ਵਿੱਚ ਅਕਾਲੀ ਵਰਕਰ ਸੁਖਦੇਵ ਸਿੰਘ ਢੀਂਡਸਾ ਦੀ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਅਹਿਮ ਭੂਮਿਕਾ ਨਿਭਾ ਰਹੇ ਹਨ।