ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪਟਿਆਲਾ ਏਵੀਏਸ਼ਨ ਕਲੱਬ ਵਿਖੇ ਥਰਡ ਪੰਜਾਬ ਐਨ.ਸੀ.ਸੀ. ਏਅਰ ਵਿੰਗ ਟਰੇਨਿੰਗ ਕੈਂਪ ਦੇ ਅੱਜ ਦੂਸਰੇ ਦਿਨ ਕੈਡਿਟਾਂ ਨੂੰ ਹਥਿਆਰਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਸਬੰਧੀ ਦੱਸਿਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਹੈਡਕੁਆਟਰ ਦੇ ਟਰੇਨਿੰਗ ਅਫ਼ਸਰ ਕਰਨਲ ਏ.ਕੇ ਗਰੇਵਾਲ ਨੇ ਕੈਡਿਟਾਂ ਦੇ ਰੂਬਰੂ ਹੁੰਦਿਆ ਕਿਹਾ ਕਿ ਇਸ ਟਰੇਨਿੰਗ ਕੈਂਪ ਦਾ ਮੁੱਖ ਮਕਸਦ ਕੈਡਿਟਾਂ ‘ਚ ਅਨੁਸ਼ਾਸਨ ਅਤੇ ਏਕਤਾ ਪੈਦਾ ਕਰਨਾ ਹੈ। ਉਨ੍ਹਾਂ ਕਿਹਾ ਕਿ ਇਹ ਕੈਡਿਟ ਭਾਰਤੀ ਫ਼ੌਜ ਦਾ ਭਵਿੱਖ ਹਨ ਅਤੇ ਜਿਨ੍ਹਾਂ ਚੰਗੀ ਤਰ੍ਹਾਂ ਇਨ੍ਹਾਂ ਨੂੰ ਤਰਾਸ਼ਿਆ ਜਾਵੇਗਾ, ਉਨ੍ਹਾਂ ਹੀ ਭਾਰਤੀ ਫ਼ੌਜ ਦਾ ਭਵਿੱਖ ਵਧੀਆਂ ਹੋਵੇਗਾ।
ਉਨ੍ਹਾਂ ਕਿਹਾ ਕਿ ਟਰੇਨਿੰਗ ਦੌਰਾਨ ਕੈਡਿਟਾਂ ਨੂੰ ਮਾਹਰ ਟਰੇਨਰਾਂ ਵੱਲੋਂ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਸਦਕਾ ਉਹ ਐਨ.ਸੀ.ਸੀ. ਦਾ ਹਿੱਸਾ ਬਣਾਕੇ ਆਪਣੇ ਕੈਰੀਅਰ ਨੂੰ ਨਵੀਂ ਦਿਸ਼ਾ ਦੇ ਸਕਦੇ ਹਨ।
ਜ਼ਿਕਰਯੋਗ ਹੈ ਕਿ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਚੱਲਣ ਵਾਲੇ ਇਸ ਟਰੇਨਿੰਗ ਕੈਂਪ ਦੌਰਾਨ ਕੈਡਿਟਜ਼ ਨੂੰ ਫਲਾਇੰਗ, ਡਰਿੱਲ ਅਤੇ ਹਥਿਆਰਾਂ ਸਬੰਧੀ ਟਰੇਨਿੰਗ ਦੇਣ ਸਮੇਤ ਕੈਡਿਟਜ਼ ਨੂੰ ਬੀ ਅਤੇ ਸੀ ਇਮਤਿਹਾਨ ਦੀ ਤਿਆਰੀ ਵੀ ਕਰਵਾਈ ਜਾ ਰਹੀ ਹੈ ਅਤੇ ਕੈਂਪ ‘ਚ ਸਰਕਾਰ ਵੱਲੋਂ ਕੋਵਿਡ ਤੋਂ ਬਚਾਅ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਵੀ ਕੀਤੀ ਜਾ ਰਹੀ ਹੈ।