
ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਲੇਹ ਪੁੱਜ ਕੇ ਫ਼ੌਜ ਦਾ ਹੌਸਲਾ ਵਧਾਇਆ ਅਤੇ ਚੀਨ ਨੂੰ ਸਪਸ਼ਟ ਸੁਨੇਹਾ ਦਿੱਤਾ ਹੈ ਕਿ ਭਾਰਤ ਉਸਦੀ ਦਾਦਾਗਿਰੀ ਨਹੀਂ ਚੱਲਣ ਦੇਵੇਗਾ। ਗਲਵਾਨ ਖ਼ੂਨੀ ਕਾਂਡ ਤੋਂ 18 ਦਿਨਾਂ ਬਾਅਦ ਪ੍ਰਧਾਨ ਮੰਤਰੀ ਨੇ 11 ਹਜ਼ਾਰ ਫੁੱਟ ਦੀ ਉੱਚਾਈ ‘ਤੇ ਜਵਾਨਾਂ ਨਾਲ ਮੁਲਾਕਾਤ ਕੀਤੀ ਤੇ ਭਾਸ਼ਣ ਨਾਲ ਉਨ੍ਹਾਂ ‘ਚ ਜੋਸ਼ ਭਰ ਦਿੱਤਾ। ਮੋਦੀ ਨੇ ਕਿਹਾ ਕਿ ਵਿਸਥਾਰਵਾਦ ਨੇ ਮਨੁੱਖਤਾ ਨੂੰ ਤਬਾਹ ਕਰ ਦਿੱਤਾ ਹੈ। ਇਤਿਹਾਸ ਦਰਸਾਉਂਦਾ ਹੈ ਕਿ ਅਜਿਹੀਆਂ ਸਾਮਰਾਜੀ ਤਾਕਤਾਂ ਅਲੋਪ ਹੋ ਗਈਆਂ ਹਨ। ਮੋਦੀ ਦਾ ਇਹ ਸੁਨੇਹਾ ਚੀਨ ਨੂੰ ਸਮਝਣਾ ਚਾਹੀਦਾ ਹੈ ਤੇ ਆਪਣੀਆਂ ਹਰਕਤਾਂ ਤੋਂ ਬਾਜ਼ ਆਉਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੇ ਜਵਾਨਾਂ ਨੂੰ ਕਿਹਾ ਕਿ ਤੁਹਾਡਾ ਹੌਸਲਾ ਤੁਹਾਡੀ ਬਹਾਦਰੀ ਤੇ ਤੁਹਾਡਾ ਸਮਰਪਣ ਲਾਸਾਨੀ ਹੈ। ਪ੍ਰਧਾਨ ਮੰਤਰੀ ਦੇ ਇਸ ਅਚਨਚੇਤੀ ਦੌਰੇ ਦਾ ਅਸਰ ਸਿਰਫ਼ ਜਵਾਨਾਂ ‘ਤੇ ਨਹੀਂ ਬਲਕਿ ਪੂਰੇ ਦੇਸ਼ ਤੇ ਦੁਨੀਆ ‘ਤੇ ਪਵੇਗਾ। ਭਾਰਤ ਸਰਕਾਰ ਇਸ ਮਾਮਲੇ ‘ਚ ਚੀਨ ਨੂੰ ਘੇਰ ਰਹੀ ਹੈ।
ਸਰਕਾਰ ਇਹ ਦੱਸ ਰਹੀ ਹੈ ਕਿ ਇਹ ਵਿਵਾਦ ਸਿਰਫ਼ ਚੀਨ ਵੱਲੋਂ ਹੀ ਖੜ੍ਹਾ ਕੀਤਾ ਗਿਆ ਹੈ ਜਿਸ ਜਗ੍ਹਾ ‘ਤੇ ਚੀਨ ਕਬਜ਼ੇ ਦੀ ਕੋਸ਼ਿਸ਼ ਕਰ ਰਿਹਾ ਹੈ, ਉਹ ਭਾਰਤ ਦੀ ਸੀ, ਹੈ ਤੇ ਰਹੇਗੀ। ਦਰਅਸਲ, ਇਸ ਵਿਵਾਦ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਸਥਿਤੀ ਸਪਸ਼ਟ ਕੀਤੀ ਹੈ ਕਿ ਭਾਰਤ ਉਸ ਜ਼ਮੀਨ ‘ਤੇ ਆਪਣਾ ਕਬਜ਼ਾ ਬਰਕਰਾਰ ਰੱਖਣ ਲਈ ਪੂਰੀ ਤਰ੍ਹਾਂ ਸਮਰੱਥ ਹੈ। ਇਸ ਮੁੱਦੇ ਨੂੰ ਲੈ ਕੇ ਜਿਹੜੇ ਮੁਲਕ ਭੰਬਲਭੂਸੇ ‘ਚ ਹਨ ਉਹ ਵੀ ਸਮਝ ਲੈਣ ਕਿ ਭਾਰਤ ਦਾ ਰੁਖ਼ ਕੀ ਹੈ? ਇਸ ਦੌਰੇ ਦੇ ਜ਼ਰੀਏ ਦੁਨੀਆ ਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਹੈ ਕਿ ਇਹ ਭਾਰਤ ਦਾ ਉਹ ਖੇਤਰ ਹੈ ਜਿੱਥੇ ਨਾ ਸਿਰਫ ਫ਼ੌਜ ਖੜ੍ਹੀ ਹੈ ਬਲਕਿ ਉਸ ਥਾਂ ਦੇਸ਼ ਦਾ ਪ੍ਰਧਾਨ ਮੰਤਰੀ ਵੀ ਮੌਜੂਦ ਹੈ। ਪ੍ਰਧਾਨ ਮੰਤਰੀ ਦੇ ਇਸ ਦੌਰੇ ਤੋਂ ਇਹ ਵੀ ਪਤਾ ਲੱਗਦਾ ਹੈ ਕਿ ਮੋਦੀ ਨੇ ਫ਼ੌਜ ਨੂੰ ਖੁੱਲ੍ਹ ਦੇ ਦਿੱਤੀ ਹੈ ਕਿ ਜੇ ਜ਼ਮੀਨੀ ਪੱਧਰ ‘ਤੇ ਕੁਝ ਹੁੰਦਾ ਹੈ ਤਾਂ ਭਾਰਤ ਸਰਕਾਰ ਅਤੇ ਦੇਸ਼ ਦਾ ਪ੍ਰਧਾਨ ਮੰਤਰੀ ਉਸਦੇ ਨਾਲ ਹਨ। ਹੁਣ ਚੀਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਭਾਰਤ ਆਪਣੀ ਜ਼ਮੀਨ ਦਾ ਇਕ ਇੰਚ ਵੀ ਨਹੀਂ ਛੱਡੇਗਾ।
ਸਾਰਾ ਲੱਦਾਖ ਭਾਰਤ ਦਾ ਹੈ। ਮੋਦੀ ਨੇ ਫ਼ੌਜ ਨਾਲ ਗੱਲਬਾਤ ‘ਚ ਹਾਲਾਤ ਬਾਰੇ ਵੀ ਜਾਣਕਾਰੀ ਇਕੱਤਰ ਕੀਤੀ। ਰੱਖਿਆ ਮਾਹਿਰਾਂ ਮੁਤਾਬਕ ਜਵਾਨਾਂ ਤੋਂ ਹਾਲਾਤ ਬਾਰੇ ਸੁਣਨਾ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਛੋਟੀਆਂ-ਛੋਟੀਆਂ ਚੀਜ਼ਾਂ ਦਾ ਵੀ ਪਤਾ ਲੱਗਦਾ ਹੈ ਅਤੇ ਕਈ ਵਾਰ ਲੋੜੀਂਦੇ ਮਹੱਤਵਪੂਰਨ ਫ਼ੈਸਲੇ ਤੁਰੰਤ ਹੋ ਜਾਂਦੇ ਹਨ। ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਹਰ 2-3 ਮਹੀਨਿਆਂ ਬਾਅਦ ਸਿਆਚਿਨ ਗਲੇਸ਼ੀਅਰ ਦਾ ਦੌਰਾ ਜ਼ਰੂਰ ਕਰਦੇ ਸਨ। ਉਹ ਸੈਨਿਕਾਂ ਲਈ ਫਲ ਅਤੇ ਕੇਕ ਵੀ ਲੈ ਕੇ ਜਾਂਦੇ ਸਨ। ਦੂਜੇ ਪਾਸੇ ਇਸ ਦੌਰੇ ਤੋਂ ਬਾਅਦ ਚੀਨ ਨੇ ਉਹੀ ਕਿਹਾ ਜੋ ਉਸ ਦੀ ਹਮੇਸ਼ਾ ਫ਼ਿਤਰਤ ਰਹੀ ਹੈ।
ਚੀਨ ਨੇ ਕਿਹਾ ਕਿ ਸਰਹੱਦ ‘ਤੇ ਤਣਾਅ ਘੱਟ ਕਰਨ ਲਈ ਫ਼ੌਜੀ ਤੇ ਕੂਟਨੀਤਕ ਪੱਧਰਾਂ ‘ਤੇ ਗੱਲਬਾਤ ਜਾਰੀ ਹੈ। ਇਸ ਸਮੇਂ ਕਿਸੇ ਵੀ ਪੱਖ ਨੂੰ ਅਜਿਹਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਦੋਵਾਂ ਦੇਸ਼ਾਂ ‘ਚ ਹੋਰ ਤਣਾਅ ਵਧੇ। ਭਾਰਤ ਨੂੰ ਹਮੇਸ਼ਾ ਧੋਖਾ ਦੇਣ ਵਾਲੇ ਚੀਨ ਨੂੰ ਇਹ ਯਾਦ ਨਹੀਂ ਕਿ ਪਿਛਲੇ ਦਿਨੀਂ ਜਦੋਂ ਗਲਵਾਨ ਵਿਚ ਉਸ ਵੱਲੋਂ ਭਾਰਤੀ ਫ਼ੌਜ ‘ਤੇ ਹਮਲਾ ਕੀਤਾ ਗਿਆ ਸੀ ਉਸ ਵੇਲੇ ਵੀ ਚੀਨ ਤੇ ਭਾਰਤ ਦੇ ਅਧਿਕਾਰੀਆਂ ਵਿਚਾਲੇ ਗੱਲਬਾਤ ਚੱਲ ਰਹੀ ਸੀ। ਭਾਰਤ ਸਰਕਾਰ ਨੂੰ ਚੀਨ ਦੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਾ ਚਾਹੀਦਾ। ਚੀਨੀ ਐਪਸ ਬੰਦ ਕਰਨ ਤੋਂ ਬਾਅਦ ਭਾਰਤ ਵੱਲੋਂ ਉਸ ਨੂੰ ਇਹ ਇਕ ਹੋਰ ਸਖ਼ਤ ਸੁਨੇਹਾ ਦਿੱਤਾ ਗਿਆ ਹੈ। ਚੀਨ ਨੂੰ ਰਸਤੇ ‘ਤੇ ਲਿਆਉਣ ਲਈ ਅਜਿਹਾ ਕਰਨਾ ਸਮੇਂ ਦੀ ਮੰਗ ਹੈ।