
ਭਾਰਤ ਦੀ ਦ੍ਰਿੜ੍ਹਤਾ ਅੱਗੇ ਅਖੀਰ ਚੀਨ ਨੂੰ ਆਪਣਾ ਰਵੱਈਆ ਬਦਲਣਾ ਹੀ ਪਿਆ ਹੈ। ਪੂਰਬੀ ਲੱਦਾਖ ਵਿਚ ਗਲਵਾਨ ਘਾਟੀ ਅਤੇ ਕੁਝ ਹੋਰ ਇਲਾਕਿਆਂ ਵਿਚ ਅਸਲ ਕੰਟਰੋਲ ਰੇਖਾ `ਤੇ ਚੀਨ ਨੇ ਜੋ ਰਵੱਈਆ ਅਖ਼ਤਿਆਰ ਕੀਤਾ ਸੀ, ਉਹ ਧੌਂਸ ਅਤੇ ਨਾ-ਮਿਲਵਰਤਣ ਵਾਲਾ ਸੀ। ਉਸਦਾ ਇਹ ਰਵੱਈਆ ਪਿਛਲੇ ਕਈ ਦਹਾਕਿਆਂ ਤੋਂ ਚੱਲਿਆ ਆ ਰਿਹਾ ਸੀ। ਖ਼ਾਸ ਤੌਰ `ਤੇ 1962 ਦੀ ਭਾਰਤ ਵਿਰੁੱਧ ਜੰਗ ਜਿੱਤਣ ਤੋਂ ਬਾਅਦ। ਭਾਰਤ ਦੇ ਬਹੁਤ ਸਾਰੇ ਸਰਹੱਦੀ ਖੇਤਰਾਂ `ਤੇ ਉਹ ਲਗਾਤਾਰ ਦਾਅਵੇ ਜਤਾਉਂਦਾ ਅਤੇ ਘੁਸਪੈਠ ਕਰਦਾ ਆਇਆ ਹੈ। ਉਸਨੇ ਆਪਣੇ ਅੜੀਅਲ ਰੁਖ਼ ਵਿਚ ਕੋਈ ਬਦਲਾਅ ਨਹੀਂ ਸੀ ਕੀਤਾ। ਇਸ ਸਬੰਧੀ ਭਾਰਤ ਦਾ ਰਵੱਈਆ ਹਮੇਸ਼ਾ ਬਚਾਅ ਦੀ ਨੀਤੀ ਵਾਲਾ ਹੀ ਰਿਹਾ ਹੈ। ਉਸਨੇ ਕਿਸੇ ਵੀ ਤਰ੍ਹਾਂ ਹਮਲਾਵਰ ਰੁਖ਼ ਅਖ਼ਤਿਆਰ ਨਹੀਂ ਸੀ ਕੀਤਾ ਪਰ ਅਖੀਰ ਦਬਾਅ ਦੀ ਨੀਤੀ ਕਦੋਂ ਕੁ ਤੱਕ ਬਰਦਾਸ਼ਤ ਕੀਤੀ ਜਾ ਸਕਦੀ ਹੈ।
ਗਲਵਾਨ ਵਿਚ 20 ਭਾਰਤੀ ਫ਼ੌਜੀਆਂ ਦੇ ਸ਼ਹੀਦ ਹੋਣ ਤੋਂ ਬਾਅਦ ਭਾਰਤ ਸਰਕਾਰ ਨੂੰ ਆਪਣੀ ਪਹਿਲਾਂ ਦੀ ਨੀਤੀ ਵਿਚ ਬਦਲਾਅ ਕਰਨ ਲਈ ਮਜਬੂਰ ਹੋਣਾ ਪਿਆ। ਉਸਨੇ ਨਾ ਸਿਰਫ ਚੀਨੀ ਦਾਅਵਿਆਂ ਨੂੰ ਹੀ ਨਾਕਾਰ ਦਿੱਤਾ, ਸਗੋਂ ਉਸਦੇ ਮੁਕਾਬਲੇ ਵਿਚ ਲੱਦਾਖ ਦੀਆਂ ਸਰਹੱਦਾਂ `ਤੇ ਆਪਣੀਆਂ ਫ਼ੌਜਾਂ ਦਾ ਜਮਾਵੜਾ ਕਰਕੇ ਆਧੁਨਿਕ ਹਥਿਆਰ ਤਾਇਨਾਤ ਕਰਕੇ ਅਤੇ ਆਪਣੇ ਜੰਗੀ ਜਹਾਜ਼ਾਂ ਦੀਆਂ ਨਿਡਰ ਉਡਾਣਾਂ ਭਰ ਕੇ ਇਹ ਜ਼ਰੂਰ ਜਤਾ ਦਿੱਤਾ ਕਿ ਭਾਰਤ ਹੁਣ ਝੁਕਣ ਵਾਲਾ ਨਹੀਂ ਹੈ ਅਤੇ ਉਹ ਮੁਕਾਬਲਾ ਕਰਨ ਲਈ ਤਿਆਰ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਲੱਦਾਖ ਵਿਚ ਸਰਹੱਦਾਂ `ਤੇ ਜਾ ਕੇ ਫ਼ੌਜੀ ਜਵਾਨਾਂ ਨੂੰ ਸੰਬੋਧਨ ਕਰਕੇ ਚੀਨ ਅਤੇ ਉਸਦੇ ਪਿਛਲੱਗੂ ਪਾਕਿਸਤਾਨ ਨੂੰ ਇੱਕ ਦ੍ਰਿੜ੍ਹ ਸੰਦੇਸ਼ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣ ਨੂੰ ਨਿਰਸੰਦੇਹ ਇਤਿਹਾਸਕ ਕਿਹਾ ਜਾ ਸਕਦਾ ਹੈ। ਚਾਹੇ ਉਥੇ ਉਨ੍ਹਾਂ ਚੀਨ ਦਾ ਨਾਂਅ ਨਹੀਂ ਲਿਆ ਪਰ ਦੇਸ਼ ਦੇ ਸਾਹਸ ਅਤੇ ਦ੍ਰਿੜ੍ਹਤਾ ਦਾ ਪ੍ਰਗਟਾਵਾ ਜ਼ਰੂਰ ਕਰ ਦਿੱਤਾ ਅਤੇ ਇਹ ਵੀ ਕਿ ਭਾਰਤ ਹੁਣ ਚੀਨ ਦੀਆਂ ਵਿਸਤਾਰਵਾਦੀ ਨੀਤੀਆਂ ਅੱਗੇ ਝੁਕਣ ਵਾਲਾ ਨਹੀਂ ਹੈ ਅਤੇ ਉਸ ਵਲੋਂ ਸੁੱਟੀ ਇੱਟ ਦਾ ਜਵਾਬ ਪੱਥਰ ਨਾਲ ਦੇਣ ਲਈ ਤਿਆਰ ਹੈ।
ਚੀਨ ਅੱਜ ਆਪਣੇ-ਆਪ ਨੂੰ ਦੁਨੀਆ ਭਰ ਵਿਚ ਘਿਰਿਆ ਮਹਿਸੂਸ ਕਰ ਰਿਹਾ ਹੈ। ਉਸ ਦੀਆਂ ਹਰ ਖੇਤਰ ਵਿਚ ਵਿਸਤਾਰਵਾਦੀ ਨੀਤੀਆਂ ਨੇ ਉਸਨੂੰ ਬਹੁਤੇ ਦੇਸ਼ਾਂ ਦੇ ਨਿਸ਼ਾਨੇ `ਤੇ ਲਿਆ ਦਿੱਤਾ ਹੈ। ਉਸਨੂੰ ਮਹਿਸੂਸ ਹੋਣ ਲੱਗਾ ਹੈ ਕਿ ਉਸਦਾ ਢਾਲਿਆ ਸਿੱਕਾ ਹੁਣ ਕੌਮਾਂਤਰੀ ਬਾਜ਼ਾਰ ਵਿਚ ਵਿਕਣ ਵਾਲਾ ਨਹੀਂ ਹੈ।
ਇਸੇ ਲਈ ਸਰਹੱਦ `ਤੇ ਪਿਛਲੇ ਕਈ ਮਹੀਨਿਆਂ ਤੋਂ ਟਕਰਾਅ ਦੀ ਸਥਿਤੀ ਵਿਚ ਉਸ ਦੀਆਂ ਖੜ੍ਹੀਆਂ ਫ਼ੌਜਾਂ ਨੇ ਗਲਵਾਨ ਘਾਟੀ `ਚੋਂ ਪਿੱਛੇ ਹਟਾ ਲਈਆਂ ਹਨ। ਗਲਵਾਨ ਘਾਟੀ ਵਿਚ ਗਸ਼ਤ ਬਿੰਦੂ 14 ਤੋਂ ਡੇਢ ਕਿਲੋਮੀਟਰ ਤੱਕ ਆਪਣੀ ਫ਼ੌਜ ਨੂੰ ਪਿੱਛੇ ਹਟਾਉਣਾ ਅਤੇ ਲਗਾਏ ਆਪਣੇ ਤੰਬੂਆਂ ਨੂੰ ਪੁੱਟ ਲੈਣਾ ਅਜਿਹਾ ਹੀ ਦਰਸਾਉਂਦਾ ਹੈ। ਉਸਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਮੂਹਰਲੇ ਮੋਰਚਿਆਂ `ਤੇ ਤਾਇਨਾਤ ਸੈਨਿਕ ਪਿੱਛੇ ਹਟਾਉਣ ਅਤੇ ਦੋਵਾਂ ਦੇਸ਼ਾਂ ਵਿਚ ਤਣਾਅ ਘੱਟ ਕਰਨ ਦੀ ਦਿਸ਼ਾ ਵਿਚ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਰਹੇ ਹਨ। ਅਸੀਂ ਇਸ ਬਣੀ ਸਹਿਮਤੀ ਨੂੰ ਇਕ ਚੰਗਾ ਕਦਮ ਸਮਝਦੇ ਹਾਂ। ਇਸ ਨਾਲ ਦੋਵਾਂ ਦੇਸ਼ਾਂ ਵਿਚ ਮੁੜ ਸਾਰਥਕ ਗੱਲਬਾਤ ਆਰੰਭ ਕਰਨ ਲਈ ਰਾਹ ਪੱਧਰਾ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਅਜਿਹਾ ਭਾਰਤ ਵਲੋਂ ਦਿਖਾਈ ਗਈ ਦ੍ਰਿੜ੍ਹਤਾ ਕਰਕੇ ਹੀ ਸੰਭਵ ਹੋਇਆ ਹੈ। ਆਉਂਦੇ ਸਮੇਂ ਵਿੱਚ ਵੀ ਭਾਰਤ ਦੀ ਮੋਦੀ ਸਰਕਾਰ ਨੂੰ ਇਸੇ ਹੌਸਲੇ ਨਾਲ ਆਪਣੇ ਕਦਮ ਅੱਗੇ ਵਧਾਉਣੇ ਹੋਣਗੇ।