ਓਟਾਵਾ, 28 ਅਗਸਤ (ਪ੍ਰੈਸ ਕੀ ਤਾਕਤ ਨਿਊਜ਼ ਡੈਸਕ) : ਹੈਲਥ ਕੈਨੇਡਾ ਨੇ 12 ਤੋਂ 17 ਸਾਲ ਤਕ ਦੇ ਬੱਚਿਆਂ ਲਈ ਮਾਡਰਨਾ ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਕ ਸਮਾਚਾਰ ਏਜੰਸੀ ਦੀ ਰਿਪੋਰਟ ਮੁਤਾਬਕ ਮਾਡਰਨਾ ਟੀਕਾ ਦਸੰਬਰ 2020 ਤੋਂ ਕੈਨੇਡਾ ਵਿਚ 18 ਸਾਲ ਤੋਂ ਵੱਧ ਉਮਰ ਦੇ ਬਾਲਗਾਂ ਲਈ ਵਰਤੋਂ ਲਈ ਮਨਜ਼ੂਰ ਕਰ ਦਿੱਤਾ ਗਿਆ ਸੀ।
ਸੁਤੰਤਰ ਵਿਗਿਆਨਕ ਸਮੀਖਿਆ ਤੋਂ ਬਾਅਦ ਹੈਲਥ ਕੈਨੇਡਾ ਨੇ ਸ਼ੁੱਰਕਵਾਰ ਨੂੰ ਕਿਹਾ ਕਿ ਇਹ ਨਿਰਧਾਰਤ ਕੀਤਾ ਗਿਆ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਵਿਚ ਕੋਵਿਡ-19 ਫੈਲਣ ਤੋਂ ਰੋਕਣ ਲਈ ਇਹ ਟੀਕਾ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ। ਹੈਲਥ ਕੈਨੇਡਾ ਨੇ ਮਈ ਵਿਚ ਇਸੇ ਉਮਰ ਵਰਗ ਲਈ ਫਾਈਜ਼ਰ ਟੀਕੇ ਨੂੰ ਮਨਜ਼ੂਰੀ ਦਿੱਤੀ ਸੀ।
ਹੈਲਥ ਕੈਨੇਡਾ ਦੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ 21 ਅਗਸਤ ਤੱਕ 12 ਤੋਂ 17 ਸਾਲ ਦੀ ਉਮਰ ਦੇ 76.9 ਫ਼ੀਸਦੀ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੀ ਘੱਟ ਤੋਂ ਘੱਟ ਇਕ ਖ਼ੁਰਾਕ ਮਿਲੀ ਹੈ ਅਤੇ 63.5 ਫ਼ੀਸਦੀ ਨੂੰ 2 ਖ਼ੁਰਾਕਾਂ ਮਿਲ ਚੁੱਕੀਆਂ ਹਨ। ਕੈਨੇਡਾ ਵਿਚ ਅਜੇ ਵੀ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਕਿਸੇ ਵੀ ਕੋਵਿਡ-19 ਟੀਕੇ ਨੂੰ ਪ੍ਰਵਾਨਗੀ ਨਹੀਂ ਮਿਲੀ ਹੈ। ਕੈਨੇਡਾ ਵਿਚ ਰੋਜ਼ਾਨਾ ਦੇ ਕੋਰੋਨਾ ਮਾਮਲਿਆਂ ਵਿਚ ਵਾਧਾ ਵੀ ਜਾਰੀ ਹੈ।