ਬਰਨਾਲਾ, 8 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਮੁੱਖ ਖੇਤੀਬਾੜੀ ਅਫਸਰ, ਬਰਨਾਲਾ ਡਾ. ਬਲਦੇਵ ਸਿੰਘ ਵੱਲੋਂ ਆਤਮਾ ਸਕੀਮ ਅਧੀਨ ਡੇਅਰੀ, ਬਾਗਬਾਨੀ, ਪਸ਼ੂ ਪਾਲਣ, ਭੂਮੀ ਅਤੇ ਜਲ ਸੰਭਾਲ ਵਿਭਾਗ ਤੇ ਆਤਮਾ ਸਟਾਫ ਨਾਲ ਮੀਟਿੰਗ ਕਰ ਕੇ ਸਕੀਮ ਦੀ ਪ੍ਰਗਤੀ ’ਤੇ ਵਿਚਾਰਾਂ ਕੀਤੀਆਂ ਗਈਆਂ। ਇਸ ਦੌਰਾਨ ਸਕੀਮ ਅਧੀਨ ਕਿਸਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ’ਤੇ ਚਰਚਾ ਕੀਤੀ ਗਈ।
ਜ਼ਿਲ੍ਹਾ ਸਿਖਲਾਈ ਅਫਸਰ ਚਰਨਜੀਤ ਸਿੰਘ ਕੈਂਥ ਨੇ ਸਮੂਹ ਆਤਮਾ ਸਟਾਫ ਨੂੰ ਕਿਸਾਨਾਂ ਵਿੱਚ ਵਿਚਰ ਕੇ ਝੋਨੇ ਦੀ ਸਿੱਧੀ ਬਿਜਾਈ, ਮੱਕੀ ਥੱਲੇ ਰਕਬਾ ਵਧਾਉਣ ਅਤੇ ਮਿਸ਼ਨ ਫਹਿਤ ਤਹਿਤ ਕਿਸਾਨਾਂ ਨੂੰ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣ ਬਾਰੇ ਜਾਗਰੂਕ ਕਰਨ ਲਈ ਹੋਰ ਯਤਨ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਵੱਖ ਵੱਖ ਬਲਾਕਾਂ ਵਿਚ ਖੇਤੀ ਪ੍ਰਦਰਸ਼ਨੀਆਂ ਦਾ ਪੂਰਾ ਰਿਕਾਰਡ ਰੱਖਿਆ ਜਾਵੇ।
ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਬਡਬਰ ਵਿਚ ਡਰੈਗਨ ਫਰੂਟ, ਮੱਕੀ ਅਤੇ ਪੱਖੋ ਕਲਾਂ ਵਿਖੇ ਲੱਗੇ ਨਰਮੇ ਦੇ ਡਰਿੱਪ ਸਿਸਟਮ ’ਤੇ ਹੋਰ ਕਿਸਾਨਾਂ ਨੂੰ ਦੌਰਾ ਕਰਵਾਉਣ ਲਈ ਕਿਹਾ ਤਾਂ ਜੋ ਵੱਧ ਤੋਂ ਵੱੱਧਧ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਣ। ਉਨ੍ਹਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਮਿੱਟੀ ਦੀ ਸਿਹਤ, ਕੁਆਲਿਟੀ ਕੰਟਰੋਲ ਅਤੇ ਖੇਤੀ ਇਨਪੁਟਸ ਸਬੰਧੀ ਬਣਦੇ ਉਪਰਾਲੇ ਕੀਤੇ ਜਾਣ ਤੇ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਕੇ ਹੋਏ ਵੱਧ ਤੋਂ ਵੱਧ ਕਿਸਾਨਾਂ ਨੂੰ ਪਿੰਡ ਪੱਧਰ ’ਤੇ ਮੀਟਿੰਗਾਂ ਕਰਕੇ ਖੇਤੀ ਸਕੀਮਾਂ ਅਤੇ ਮਿਸ਼ਨ ਫਤਿਹ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਏਓ ਸਹਿਣਾ ਡਾ. ਦਿਲਬਾਗ ਸਿੰਘ, ਭੂਮੀ ਅਤੇ ਜਲ ਰੱਖਿਆ ਵਿਭਾਗ ਤੋਂ ਮਨਦੀਪ ਸਿੰਘ, ਡੇਅਰੀ ਵਿਭਾਗ ਤੋਂ ਲਖਮੀਤ ਸਿੰਘ, ਸੁਨੀਤਾ ਸ਼ਰਮਾ, ਰੁਪਿੰਦਰ ਕੌਰ, ਜਸਵੀਰ ਕੌਰ, ਕੁਲਵੀਰ ਸਿੰਘ, ਸੋਨੀ ਖਾਂ ਤੇ ਨਿਖਿਲ ਸਿੰਗਲਾ ਹਾਜ਼ਰ ਸਨ।