ਫਿਰੋਜਪੁਰ 11 ਸਤੰਬਰ (ਸੰਦੀਪ ਟੰਡਨ): ਜ਼ਿਲ੍ਹਾ ਫਿਰੋਜ਼ਪੁਰ ਨੇ ਕੁਝ ਦਿਨ ਪਹਿਲਾ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਚੋਰੀ ਕਰਨ ਵਾਲੇ ਦੋਸ਼ੀ ਨੂੰ ਕਾਰ ਅਤੇ ਔਜਾਰ ਸਮੇਤ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧ ਵਿਚ ਪੁਲਿਸ ਨੇ ਦੋਸ਼ੀ ਖਿਲਾਫ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਰੋਜ਼ਪੁਰ ਵਿਚ ਪ੍ਰੈਸ ਕਾਨਫਰੰਸ ਦੇ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਮੀਤ ਸਿੰਘ ਚੀਮਾ ਐੱਸਪੀ ਅਪ੍ਰੇਸ਼ਨ ਕਮ ਐੱਸਪੀ ਇੰਨਵੈਸਟੀਗੇਸ਼ਨ ਫਿਰੋਜ਼ਪੁਰ ਨੇ ਦੱਸਿਆ ਕਿ ਪੁਲਿਸ ਨੇ ਜ਼ਿਲ੍ਹਾ ਪੁਲਿਸ ਮੁੱਖੀ ਵੱਲੋਂ ਲੁੱਟਾਂ ਖੋਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਲੋਕਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਚਲਾਈ ਮੁਹਿੰਮ ਤਹਿਤ ਜਗਦੀਸ਼ ਕੁਮਾਰ ਡੀਐੱਸਪੀ ਇੰਨਵੈਸਟੀਗੇਸ਼ਨ ਦੀ ਦੇਖ ਰੇਖ ਵਿਚ ਸੀਆਈਏ ਸਟਾਫ ਦੇ ਇੰਚਾਰਜ਼ ਜਤਿੰਦਰ ਸਿੰਘ ਅਤੇ ਇੰਸਪੈਕਟਰ ਮਨੋਜ ਕੁਮਾਰ ਥਾਣਾ ਸਿਟੀ ਫਿਰੋਜਪੁਰ ਦੀ ਟੀਮ ਨੇ ਬੀਤੇ ਦਿਨ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐੱਮ ਮਸ਼ੀਨ ਨੂੰ ਗੈਸ ਕਟਰ ਨਾਲ ਕੱਟ ਕੇ ਉਸ ਵਿਚੋਂ 4 ਲੱਖ 84 ਹਜ਼ਾਰ ਰੁਪਏ ਦੀ ਰਕਮ ਚੋਰੀ ਕਰਨ ਵਾਲੇ ਮਾਮਲੇ ਨੂੰ ਸੁਲਝਾਉਂਦੇ ਹੋਏ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਦੋਸ਼ੀ ਚਰਨਜੀਤ ਸਿੰਘ ਪੁੱਤਰ ਗੁਰਦੀਪ ਸਿੰਘ ਵਾਸੀ ਬਸਤੀ ਬੇਲਾ ਸਿੰਘ ਥਾਣਾ ਮੱਲਾਂਵਾਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਘਟਨਾ ਵਿਚ ਪੁਲਿਸ ਨੇ ਦੋਸ਼ੀ ਵੱਲੋਂ ਵਰਤੀ ਗਈ ਚਿੱਟੇ ਰੰਗ ਦੀ ਆਲਟੋ ਕਾਰ ਨੰਬਰ ਪੀਬੀ 05 ਏਕੇ 1279 ਅਤੇ ਏਟੀਐੱਮ ਮਸ਼ੀਨ ਕੱਟਣ ਦੇ ਲਈ ਵਰਤੇ ਗਏ ਆਕਸੀਜਨ ਸਿਲੰਡਰ, ਐਲਪੀਜੀ ਸਿਲੰਡਰ, ਪਾਇਪ ਅਤੇ ਕਟਰ ਵੀ ਬਰਾਮਦ ਕਰ ਲਿਆ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਹ ਆਰਮੀ ਵਿਚ ਪੱਛਮੀ ਬੰਗਾਲ ਵਿਚ ਨੌਕਰੀ ਕਰਦਾ ਹੈ ਅਤੇ ਛੁੱਟੀ ‘ਤੇ ਘਰ ਆਇਆ ਹੋਇਆ ਸੀ ਅਤੇ ਉਸ ਨੇ ਆਪਣੇ ਦੋਸਤਾਂ ਤੋਂ ਕਾਫੀ ਪੈਸੇ ਉਧਾਰ ਲੈ ਕੇ ਸ਼ੇਅਰ ਮਾਰਕੀਟ ਵਿਚ ਲਗਾਏ ਹੋਏ ਸੀ ਅਤੇ ਉਸ ਨੂੰ ਸ਼ੇਅਰ ਮਾਰਕੀਟ ਵਿਚ ਘਾਟਾ ਪੈ ਗਿਆ ਸੀ। ਜਿਸ ਕਾਰਨ ਉਸ ਨੇ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ ਅਤੇ ਉਸ ਦਾ ਰਿਮਾਂਡ ਲੈ ਕੇ ਉਸ ਕੋਲੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਤਾਂ ਕਿ ਕੁਝ ਅਹਿਮ ਸੁਰਾਗ ਹੱਥ ਲੱਗ ਸਕਣ।