ਬਰਨਾਲਾ, 9 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਖੇਤੀਬਾੜੀ ਵਿਭਾਗ ਵੱਲੋਂ ਫਸਲੀ ਵਿਭਿੰਨਤਾ ਤਹਿਤ ਮੱਕੀ ਦੀ ਫਸਲ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਜਾਰੀ ਹਨ।
ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਵਿਚ ਕਿਸਾਨ ਕੌਰ ਸਿੰਘ ਗੋਬਿੰਦਪੁਰਾ ਕੋਠੇ, ਕਿਸਾਨ ਅੰਮ੍ਰਿਤਪਾਲ ਸਿੰਘ ਵਾਹਿਗੁਰੂਪੁਰਾ ਕੋਠੇ, ਲੀਲਾ ਸਿੰਘ ਪਿੰਡ ਕੋਟਦੁੱਨਾ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਬਰਨਾਲਾ ਜ਼ਿਲੇ ਵਿੱਚ 5000 ਹੈਕਟੇਅਰ ਹੇਠ ਝੋਨੇ ਦੀ ਥਾਂ ’ਤੇ ਮੱਕੀ ਬੀਜੀ ਜਾਣੀ ਹੈ ਅਤੇ ਇਹ ਰਕਬਾ ਬਹੁਤ ਜਲਦ ਸਾਰੇ ਬਲਾਕਾਂ ਵੱਲੋਂ ਪੂਰਾ ਕਰ ਲਿਆ ਜਾਣਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਜਿਹੜੇ ਕਿਸਾਨ ਝੋਨੇ ਦੀ ਥਾਂ ’ਤੇ ਮੱਕੀ/ਚਾਰਾ ਮੱਕੀ ਬੀਜਣਗੇ, ਉਨ੍ਹਾਂ ਨੂੰ ਸਕੀਮ ਤਹਿਤ 23500 ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ।
ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਕਿਸਾਨ ਝੋਨੇ ਥੱਲੋਂ ਰਕਬਾ ਘਟਾ ਕੇ ਮੱਕੀ/ਚਾਰੇ ਥੱਲੇ ਲੈ ਕੇ ਆਉਣ। ਜਿਹੜੇ ਕਿਸਾਨ ਝੋਨੇ ਦੀ ਥਾਂ ’ਤੇ ਮੱਕੀ ਦੀ ਬਿਜਾਈ ਕਰਦੇ ਹਨ, ਉਹ ਆਪਣੇ ਆਪਣੇ ਬਲਾਕ ਅਫਸਰ ਕੋਲ ਜਾ ਕੇ ਆਪਣਾ ਨਾਮ ਦਰਜ ਕਰ ਕਰਵਾਉਣ ਅਤੇ ਫਾਰਮ ਭਰ ਦੇਣ ਅਤੇ ਬੀਜ ਅਤੇ ਹੋਰ ਇਨਪੁਟਸ ਦੇ ਪੱਕੇ ਬਿੱਲ ਵੀ ਦਿੱਤੇ ਜਾਣ ਦਾਂ ਜੋ ਉਨ੍ਹਾਂ ਨੂੰ ਸਹਾਇਤਾ ਮਿਲ ਸਕੇ ਅਤੇ ਕੋਈ ਕਿਸਾਨ ਇਸ ਸਹਾਇਤਾ ਤੋ ਵਾਂਝਾ ਨਾ ਰਹਿ ਜਾਏ।ਇਸ ਤੋਂ ਬਿਨਾਂ ਜੇਕਰ ਕਿਸੇ ਕਿਸਾਨ ਨੂੰ ਕੋਈ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਉਹ ਮੁੱਖ ਖੇਤੀਬਾੜੀ ਅਫਸਰ ਜਾਂ ਫਿਰ ਆਪਣੇ ਆਪਣੇ ਬਲਾਕ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕਰ ਸਕਦੇ ਹਨ।