ਸੁਨਾਮ ਊਧਮ ਸਿੰਘ ਵਾਲਾ, 20 ਮਈ (ਅਨਿਲ ਭਾਰਤੀ):
ਸਥਾਨਕ ਸ਼ਹਿਰੀ ਪੁਲਿਸ ਨੇ ਨਸ਼ੇ ਦੀ ਇੱਕ ਵੱਡੀ ਖੇਪ ਫੜਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ, ਇਸ ਦੌਰਾਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਔਰਤ ਨੂੰ ਵੀ ਗ੍ਰਿਫਤਾਰ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਜਤਿੰਦਰਪਾਲ ਸਿੰਘ ਅਤੇ ਨਵੀਂ ਅਨਾਜ ਮੰਡੀ ਚੌਕੀ ਇੰਚਾਰਜ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰੀ ਖਾਸ ਨੇ ਜਾਣਕਾਰੀ ਦਿੱਤੀ ਕਿ ਇੱਕ ਔਰਤ ਵੱਲੋਂ ਨਸ਼ੇ ਵੇਚਣ ਦਾ ਕੰਮ ਕੀਤਾ ਜਾ ਰਿਹਾ ਹੈ, ਪੁਲਿਸ ਪਾਰਟੀ ਨੇ ਇਸ ਸਬੰਧੀ ਕਾਰਵਾਈ ਅਮਲ ਵਿੱਚ ਲਿਆਉਂਦਿਆਂ ਇੱਕ ਔਰਤ ਨੂੰ ਫੜਿਆ ਜਿਸਦੇ ਕਬਜ਼ੇ ਵਿੱਚੋਂ 8 ਕਿਲੋ 800 ਗ੍ਰਾਮ ਚਰਸ ਬਰਾਮਦ ਕੀਤੀ ਗਈ ਅਤੇ ਥਾਣਾ ਮੁਖੀ ਨੇ ਦੱਸਿਆ ਕਿ ਇਹ ਔਰਤ ਜਾਖਲ ਤੋਂ ਇੱਕ ਵਿਅਕਤੀ ਕੋਲੋਂ ਇਹ ਨਸ਼ਾ ਸਥਾਨਕ ਸ਼ਹਿਰ ਵਿੱਚ ਲਿਆ ਕੇ ਵੇਚਦੀ ਸੀ, ਜਿਸ ਸਬੰਧੀ ਪੁਲਿਸ ਵੱਲੋਂ ਜਾਖਲ ਦੇ ਇੱਕ ਵਿਅਕਤੀ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਚਰਸ ਦੀ ਕੀਮਤ ਲੱਖਾਂ ਰੁਪਏ ਵਿੱਚ ਹੈ ਅਤੇ ਬਣਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ।