ਤਰਨਤਾਰਨ, 24 ਸਤੰਬਰ (ਰਣਬੀਰ ਸਿੰਘ)- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਹੋ ਰਹੀਆਂ ਘਟਨਾਵਾਂ ਜਿੱਥੇ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਉੱਥੇ ਹੀ ਇਨ੍ਹਾਂ ਹੋ ਰਹੀਆਂ ਘਟਨਾਵਾਂ ਨਾਲ ਪੰਜਾਬ ਪੁਲਿਸ ਦੀ ਢਿੱਲੀ ਕਾਰੁਜਗਾਰੀ ਉੱਪਰ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ । ਕਿ ਆਖਰਕਾਰ ਕਿਉ ਦੋਸ਼ੀ ਪੁਲਿਸ ਦੀ ਪਹੁੰਚ ਤੋਂ ਦੂਰ ਹਨ। ਉਥੇ ਹੀ ਜੇਕਰ ਕੋਈ ਦੋਸ਼ੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਇਆ ਫੜਿਆ ਜਾਂਦਾ ਹੈ ਤਾਂ ਪੁਲਿਸ ਉਸ ਦੋਸ਼ੀ ਤੇ ਠੋਸ ਕਾਰਵਾਈ ਕਰਨ ਦੀ ਬਜਾਏ ਪਿੰਡ ਵਾਸੀਆਂ ਨੂੰ ਵਕੀਲਾ ਅਤੇ ਕੋਰਟ ਦੀਆਂ ਤਰੀਕਾ ਦਾ ਡਰਾਵਾ ਪਾ ਕੇ ਦੋਸ਼ੀ ਤੋਂ ਮੁਆਫ਼ੀ ਮੰਗਵਾ ਕੇ ਕੇਸ ਨੂੰ ਰਫਾ ਦਫਾ ਕਰ ਦਿੰਦੀ ਹੈ । ਜਿਸ ਦੀ ਮਿਸਾਲ ਬੀਤੀ ਕੱਲ ਥਾਣਾ ਖਾਲੜਾ ਦੀ ਪੁਲਿਸ ਵੱਲੋਂ ਬੇਅਦਬੀ ਕਰਨ ਆਏ ਨੌਜਵਾਨ ਨੂੰ ਸਮੂਹ ਪਿੰਡ ਡਲੀਰੀ ਦੇ ਵਾਸੀਆਂ ਤੋਂ ਮੁਆਫ਼ੀ ਮੰਗਵਾ ਕੇ ਮੁਆਫ ਕਰਕੇ ਪੈਦਾ ਕੀਤੀ ਹੈ । ਜਿਸ ਨਾਲ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀਆਂ ਵਿੱਚ ਭਾਰੀ ਰੋਸ ਦੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਗ੍ਰੰਥੀ ਸਿੰਘ ਸੁਖਬੀਰ ਸਿੰਘ ਪੁੱਤਰ ਜਸਪਾਲ ਸਿੰਘ ਨੇ ਦੱਸਿਆ ਕਿ ਬੀਤੀ ਕੱਲ ਮੈਂ ਪਿੰਡ ਡਲੀਰੀ ਦੇ ਗੁਰਦੁਆਰਾ ਸੰਧੂਆ ਦੀ ਪੱਤੀ ਵਿਖੇ ਮੋਜੂਦ ਸੀ ਕਿ ਇੱਕ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਬਾਰ ਦੀ ਬਾਰੀ ਦਾ ਸ਼ੀਸ਼ਾ ਤੋੜ ਕੇ ਅੰਦਰ ਜਾਣ ਦੀ ਕੋਸ਼ਿਸ਼ ਕਰਦਿਆਂ ਰੰਗੇ ਹੱਥੀਂ ਫੜਿਆ ਸੀ ਅਤੇ ਉਸ ਨੌਜਵਾਨ ਨੇ ਖ਼ੁਦ ਇਹ ਮੰਨਿਆ ਹੈ। ਕਿ ਉਹ ਕਿਸੇ ਦੇ ਕਹਿਣ ਤੇ ਗੁਰਦੁਆਰਾ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਆਇਆ ਹੈ ਅਤੇ ਇਹ ਕੰਮ ਉਹ ਪਹਿਲੀ ਵਾਰ ਕਰ ਰਿਹਾ ਹੈ । ਜਿਕਰਯੋਗ ਹੈ ਕਿ ਜਦ ਇਸ ਘਟਨਾ ਦਾ ਪਿੰਡ ਡਲੀਰੀ ਦੇ ਵਾਸੀਆਂ ਨੂੰ ਪਤਾ ਲੱਗਾ ਤਾਂ ਪਿੰਡ ਵਾਸੀ ਭਾਰੀ ਤਾਦਾਦ ਵਿੱਚ ਗੁਰਦੁਆਰਾ ਸਾਹਿਬ ਵਿਖੇ ਪੁੱਜੇ । ਜਿੱਥੇ ਇਕੱਠੇ ਹੋਏ ਲੋਕਾਂ ਨੇ ਬੇਅਦਬੀ ਕਰਨ ਦੀ ਘਟਨਾ ਨੂੰ ਅੰਜਾਮ ਦੇਣ ਆਏ ਨੌਜਵਾਨ ਦੀ ਖੂਬ ਕੁੱਟਮਾਰ ਵੀ ਕੀਤੀ । ਜਿਸ ਇੱਕ ਵੀਡੀਓ ਸ਼ੋਸ਼ਲ ਮੀਡੀਆ ਤੇ ਖੂਬ ਵਾਇਰਲ ਵੀ ਹੋਈ ਅਤੇ ਫਿਰ ਉਸ ਨੌਜਵਾਨ ਨੂੰ ਖਾਲੜਾ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ । ਪ੍ਰੰਤੂ ਉਸ ਨੌਜਵਾਨ ਤੇ ਕੋਈ ਕਾਰਵਾਈ ਕਰਨ ਦੀ ਬਜਾਏ ਖਾਲੜਾ ਪੁਲਿਸ ਨੇ ਪਿੰਡ ਡਲੀਰੀ ਦੇ ਵਾਸੀਆਂ ਨੂੰ ਕੋਰਟ ਦੀਆਂ ਤਰੀਕਾ ਭੁਗਤਣ ਅਤੇ ਵਕੀਲ ਕਰਨ ਦਾ ਡਰਾਵਾ ਦੇ ਕੇ ਨੌਜਵਾਨ ਕੋਲੋਂ ਪਿੰਡ ਡਲੀਰੀ ਦੇ ਸਮੂਹ ਵਾਸੀਆਂ ਪਾਸੋਂ ਮੁਆਫੀ ਮੰਗਵਾਕੇ ਉਸ ਦੀ ਜਾਨ ਛੁਡਵਾ ਦਿੱਤੀ । ਹਾਲਾਂ ਕਿ ਪੁਲਿਸ ਦੀ ਇਸ ਕਾਰਵਾਈ ਤੇ ਸਮੂਹ ਸਿੱਖ ਜਥੇਬੰਦੀਆਂ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਉੱਥੇ ਇਸ ਸਬੰਧੀ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਪ੍ਰਧਾਨ ਭਾਈ ਰਣਜੀਤ ਸਿੰਘ ਉਧੋਕੇ ਨੇ ਕਿਹਾ ਕਿ ਮੈਨੂੰ ਅਫ਼ਸੋਸ ਇਸ ਗੱਲ ਦਾ ਹੈ ਕਿ ਅਸੀਂ ਉਸ ਪਿਓ ਦੇ ਪੁੱਤਰ ਹਾਂ ਜਿਸ ਨੇ ਸਾਡੀਆਂ ਪੁਸ਼ਤਾਂ ਦੀ ਰਾਖੀ ਲਈ ਆਪਣਾ ਸਰਬੰਸ ਵਾਰ ਦਿੱਤਾ । ਪ੍ਰੰਤੂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਅੱਜ ਤੱਕ ਸਜ਼ਾ ਨਹੀਂ ਦਵਾ ਸਕੇ । ਉਨ੍ਹਾਂ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੱਲੋਂ ਸਾਫ ਸਾਫ ਕਿਹਾ ਜਾ ਰਿਹਾ ਸੀ ਕਿ ਇਹ ਨੌਜਵਾਨ ਬੇਅਦਬੀ ਦੇ ਇਰਾਦੇ ਨਾਲ ਆਇਆ ਸੀ । ਪ੍ਰੰਤੂ ਖਾਲੜਾ ਪੁਲਿਸ ਨੇ ਉਸ ਨੌਜਵਾਨ ਤੇ ਕਾਰਵਾਈ ਕਰਨ ਦੀ ਬਜਾਏ ਨੌਜਵਾਨ ਕੋਲੋਂ ਮੁਆਫ਼ੀ ਮੰਗਵਾ ਕੇ ਕੇਸ ਨੂੰ ਰਫਾ ਦਫਾ ਕਰ ਦਿੱਤਾ । ਭਾਈ ਰਣਜੀਤ ਸਿੰਘ ਉਧੋਕੇ ਨੇ ਜ਼ਿਲਾ ਤਰਨਤਾਰਨ ਦੇ ਮੁਖੀ ਐੱਸ.ਐੱਸ.ਪੀ ਉਪਿੰਦਰਜੀਤ ਸਿੰਘ ਘੁੰਮਣ ਪਾਸੋਂ ਮੰਗ ਕੀਤੀ ਕਿ ਦੋਸ਼ੀ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਦੋਸ਼ੀ ਦਾ ਪੱਖ ਪਾਲਣ ਵਾਲੇ ਪੁਲਿਸ ਅਧਿਕਾਰੀਆਂ ਤੇ ਵੀ ਬਣਦੀ ਕਾਰਵਾਈ ਕੀਤੀ ਜਾਵੇ । ਉੱਥੇ ਹੀ ਜਦੋਂ ਇਸ ਸੰਬੰਧੀ ਥਾਣਾ ਖਾਲੜਾ ਦੇ ਐੱਸ.ਐੱਚ.ਓ ਜਸਵੰਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਸਾਨੂੰ ਪਿੰਡ ਵਾਸੀਆਂ ਵੱਲੋਂ ਲਿਖਤੀ ਨਹੀ ਦਿੱਤਾ ਗਿਆ ਹੈ । ਜਦੋਂ ਪੱਤਰਕਾਰ ਵੱਲੋਂ ਕੇਸ ਦੀ ਜਾਂਚ ਕਰ ਰਹੇ ਏ.ਐੱਸ.ਆਈ ਸਾਹਿਬ ਸਿੰਘ ਵੱਲੋਂ ਪਿੰਡ ਡਲੀਰੀ ਦੇ ਵਾਸੀਆਂ ਨੂੰ ਵਕੀਲਾਂ ਅਤੇ ਕੋਰਟ ਦੀਆਂ ਤਰੀਕਾਂ ਦਾ ਡਰਾਵਾ ਦੇ ਕੇ ਪਿੰਡ ਵਾਸੀਆਂ ਕੋਲੋਂ ਦੋਸ਼ੀ ਨੂੰ ਮੁਆਫ਼ੀ ਮੰਗਵਾ ਕੇ ਉਸ ਨੂੰ ਛੱਡਣ ਬਾਰੇ ਪੁੱਛਿਆ ਗਿਆ । ਤਾਂ ਐੱਸ.ਐੱਚ.ਓ ਜਸਵੰਤ ਸਿੰਘ ਨੇ ਕਿਹਾ ਕਿ ਇਹ ਮੇਰੇ ਧਿਆਨ ਵਿੱਚ ਨਹੀਂ ਹੈ । ਇਸ ਸਬੰਧੀ ਏ.ਐੱਸ.ਆਈ ਸਾਹਿਬ ਸਿੰਘ ਨਾਲ ਵਾਰ ਵਾਰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਫੋਨ ਚੁੱਕਣਾ ਮੁਨਾਸਿਫ ਨਹੀਂ ਸਮਝਿਆ।
Attachments area