ਬੈਂਗਲੁਰੂ, 11 ਜੂਨ (ਪ੍ਰੈਸ ਕੀ ਤਾਕਤ ਬਿਊਰੋ) : – 2 ਮਹੀਨੇ ਤੋਂ ਤਾਲਾਬੰਦੀ ਤੋਂ ਬਾਅਦ ਮੈਦਾਨ ‘ਤੇ ਪਰਤੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਖਿਡਾਰੀ ਕੋਰੋਨਾ ਵਾਇਰਸ ਮਹਾਂਮਾਰੀ ਦੇ ਚਲਦੇ ਨਵੇਂ ਤੌਰ ਤਰੀਕਿਆਂ ਅਨੁਸਾਰ ਆਪਣੇ ਆਪ ਨੂੰ ਢਾਲ ਰਹੇ ਹਨ | ਜਿਸ ਵਿਚ ਬ੍ਰੇਕ ਤੋਂ ਬਾਅਦ ਸੈਨੇਟਾਈਜ਼ਰ ਦਾ ਇਸਤੇਮਾਲ ਅਤੇ ਆਪਣੀ ਆਪਣੀ ਪਾਣੀ ਦੀ ਬੋਤਲ ਤੋਂ ਹੀ ਪਾਣੀ ਪੀਣਾ ਸ਼ਾਮਿਲ ਹੈ |
2 ਮਹੀਨਿਆਂ ਤੋਂ ਵੱਧ ਸਮੇਂ ਤੱਕ ਸਾਈ ਕੇਂਦਰ ‘ਤੇ ਆਪਣੇ ਹੋਸਟਲ ਦੇ ਕਮਰਿਆਂ ਵਿਚ ਰਹਿ ਰਹੇ ਪੁਰਸ਼ ਅਤੇ ਮਹਿਲਾ ਟੀਮ ਦੇ ਖਿਡਾਰੀਆਂ ਨੇ 10 ਦਿਨ ਪਹਿਲਾਂ ਬਾਹਰੀ ਮੈਦਾਨ ਅਭਿਆਸ ਸ਼ੁਰੂ ਕੀਤਾ | ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਖਿਡਾਰੀ ਆਪਣੀ ਸਟਿਕ ਦੀ ਗਰਿੱਪ ਵੀ ਵਾਰ-ਵਾਰ ਬਦਲ ਰਹੇ ਹਨ ਅਤੇ ਰੋਜ਼ਾਨਾ ਸਰੀਰਕ ਤਾਪਮਾਨ ਦੀ ਜਾਂਚ ਕੀਤੀ ਜਾ ਰਹੀ ਹੈ | ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਕਿਹਾ ਕਿ ਕੋਚ ਲਗਾਤਾਰ ਖਿਡਾਰੀਆਂ ਦੇ ਸੰਪਰਕ ਵਿਚ ਸਨ |