ਚੰਡੀਗੜ (ਸ਼ਿਵ ਨਾਰਾਇਣ ਜਾਂਗੜਾ) : ਗਲਵਾਨ ਵਾਦੀ ‘ਚ ਹੋਈ ਹਿੰਸਾ ਨੂੰ ਚੀਨ ਦੇ ਵੱਡੇ ਮਨਸੂਬੇ ਦਾ ਹਿੱਸਾ ਕਰਾਰ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਇਸ ਘਟਨਾ ਨੂੰ ਗਸ਼ਤ ਦੌਰਾਨ ਹੋਈ ਝੜਪ ਕਹਿ ਕੇ ਰੱਦ ਕਰਨ ਦੀ ਗਲਤੀ ਨਾ ਕਰੇ ਸਗੋਂ ਭਾਰਤੀ ਖੇਤਰ ਵਿੱਚ ਚੀਨ ਦੇ ਕਿਸੇ ਵੀ ਹਮਲੇ ਵਿਰੁੱਧ ਸਖਤ ਸਟੈਂਡ ਲੈਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਗਲਵਾਨ ਘਾਟੀ ਵਿੱਚ ਹੋਏ ਉਭਾਰ ਦੇ ਪੈਮਾਨੇ ਦਰਸਾਉਦੇ ਹਨ ਕਿ ਚੀਨ ਕਿਸੇ ਯੋਜਨਾਂ ਤਹਿਤ ਕੰਮ ਕਰ ਰਿਹਾ ਹੈ। ਉਨਾਂ ਅੱਗੇ ਕਿਹਾ ਕਿ ਭਾਰਤ ਨੂੰ ਇਸ ਖੇਤਰ, ਜੋ ਕਿ ਰਣਨੀਤਕ ਪੱਖੋਂ ਦੋਵਾਂ ਧਿਰਾਂ ਲਈ ਵੱਡੀ ਮਹੱਤਤਾ ਰੱਖਦਾ ਹੈ, ਵਿੱਚ ਇਕ ਇੰਚ ਥਾਂ ਛੱਡਣਾ ਵੀ ਨਹੀਂ ਪੁੱਗਦਾ । ਉਨਾਂ ਜ਼ੋਰ ਦਿੰਦਿਆਂ ਕਿਹਾ, ‘‘ ਅਸੀਂ ਪਾਕਿਸਤਾਨ ਅਤੇ ਚੀਨ ਨਾਲ ਆਪਣੇ ਸਮੇਂ ਦੀਆਂ ਸਾਰੀਆਂ ਝੜਪਾਂ ਵੇਖ ਚੁੱਕੇ ਹਾਂ, ਅਤੇ ਇਹ ਨਿਸ਼ਚਿਤ ਤੌਰ ‘ਤੇ ਗਸ਼ਤ ਦੌਰਾਨ ਹੋਈ ਝੜਪ ਨਹੀਂ‘‘।
ਖੇਤਰ ਦੇ ਨਕਸ਼ੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪਾਕਿਸਤਾਨ ਵੱਲੋਂ 1963 ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਅੰਦਰ ਸ਼ਕਸਗਾਮ ਵਾਦੀ ਦੇ ਉੱਤਰੀ ਹਿੱਸੇ ਨੂੰ ਛੱਡ ਦੇਣ ਉਪਰੰਤ ਚੀਨ ਸਿਆਚਿਨ ਗਲੇਸ਼ੀਅਰ ਦੇ ਅੱਧ ਤੱਕ ਪਹੁੰਚ ਗਿਆ ਸੀ। ਇਸ ਤੋਂ ਪਰੇ ਇਕ ਖੇਤਰ ਜੇਕਰ ਕਿਸੇ ਤਰਾਂ ਚੀਨ ਨਾਲ ਸਬੰਧਤ ਹੈ, ਉਨਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਗਲੇਸ਼ੀਅਰ ਅਤੇ ਅਕਸੀ ਚਿਨ ਖੇਤਰ ਦੇ ਵਿਚਕਾਰ ਥੋੜੀ ਵਿੱਥ ਹੈ, ਜੋ ਦੌਲਤ ਬੇਗ ਵਿੱਥ ਆਖਦੇ ਹਨ, ਜਿਸਨੂੰ ਬੰਦ ਕਰਨ ਲਈ ਉਹ ਯਤਨ ਕਰ ਰਹੇ ਹਨ।
ਪਾਰਟੀ ਦੇ ਕੌਮੀ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਕਾਂਗਰਸ ਵਰਕਿੰਗ ਕਮੇਟੀ ਦੀ ਆਯੋਜਿਤ ਵੀਡੀਓ ਕਾਨਫਰੰਸ, ਜਿਸ ਵਿੱਚ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ, ਰਾਹੁਲ ਗਾਂਧੀ ਤੇ ਹੋਰਨਾਂ ਵੱਲੋਂ ਸ਼ਮੂਲੀਅਤ ਕੀਤੀ ਗਈ, ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਸ ‘ਤੇ ਸਖਤ ਸਟੈਂਡ ਲੈਣ ਹੋਵੇਗਾ ਅਤੇ ਸਾਨੂੰ ਸਪੱਸ਼ਟ ਹੋਣਾ ਚਾਹੀਦਾ ਹੈ ਕਿ ਜੇਕਰ ਅਸੀਂ ਇੱਕ ਇੰਚ ਥਾਂ ਵੀ ਗਵਾਉਦੇ ਹਾਂ ਤਾਂ ਉਹ ਜ਼ਿੰਮੇਵਾਰ ਹੋਣਗੇ।