* ਬੇਹੱਦ ਜ਼ਰੂਰੀ ਕੰਮਾਂ ਤੋਂ ਬਿਨਾਂ ਬਾਹਰ ਨਿਕਲਣ ਤੋਂ ਕੀਤਾ ਜਾਵੇ ਗੁਰੇਜ਼
ਬਰਨਾਲਾ, 28 ਜੂੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸਿਹਤ ਵਿਭਾਗ ਬਰਨਾਲਾ ਵੱਲੋਂ ਕੋਰੋਨਾ ਮਹਾਮਾਰੀ ਦੇ ਸੰਕਟ ਦੌਰਾਨ ਪੂਰਨ ਸੰਜੀਦਗੀ ਨਾਲ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ, ਇਸ ਲਈ ਜ਼ਿਲ੍ਹਾ ਵਾਸੀ ਵੀ ਪੂਰੇ ਇਹਤਿਆਤ ਵਰਤਦੇ ਹੋਏ ਅਤੇ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੂੰ ਸਹਿਯੋਗ ਦੇਣ।
ਇਹ ਪ੍ਰਗਟਾਵਾ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਵੱਲੋਂ ਕੀਤਾ ਗਿਆ। ਸਿਵਲ ਸਰਜਨ ਬਰਨਾਲਾ ਨੇ ਆਖਿਆ ਕਿ ਭਾਵੇਂ ਜ਼ਿਲ੍ਹਾ ਬਰਨਾਲਾ ਵਿਚ ਬਾਕੀ ਜ਼ਿਲਿ੍ਹਆਂ ਦੇ ਮੁਕਾਬਲੇ ਨਵੇਂ ਕੇਸ ਆਉਣ ਦੀ ਦਰ ਬਹੁਤ ਘੱਟ ਹੈ, ਪਰ ਕੋਰੋਨਾ ਦਾ ਖਤਰਾ ਅਜੇ ਟਲਿਆ ਨਹੀਂ ਹੈ। ਕਰੋਨਾ ਦਾ ਸਭ ਤੋਂ ਵੱਡਾ ਇਲਾਜ ਸਾਵਧਾਨੀਆਂ ਹਨ। ਇਸ ਲਈ ਜ਼ਿਲ੍ਹਾ ਵਾਸੀ ਸਮਾਜਿਕ ਦੂਰੀ, ਹੱਥਾਂ ਦੀ ਸਾਫ-ਸਫਾਈ ਤੇ ਮਾਸਕ ਆਦਿ ਬਾਰੇ ਵਿਭਾਗ ਵੱਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਤਾਂ ਜੋ ਕਰੋਨਾ ਨੂੰ ਹਰਾ ਕੇ ਇਸ ਮਹਾਮਾਰੀ ਵਿਰੁੱਧ ਮਿਸ਼ਨ ਫਤਿਹ ਕੀਤਾ ਜਾ ਸਕੇ।
ਡਾ. ਜੀ ਬੀ ਸਿੰਘ ਨੇ ਕਿਹਾ ਕਿ ਕਰੋਨਾ ਦੇ ਕਹਿਰ ਦੇ ਮੱਦੇਨਜ਼ਰ ਕੁਝ ਗੱਲਾਂ ਦਾ ਖਾਸ ਖਿਆਲ ਰੱਖਿਆ ਜਾਵੇ। ਇਸ ਨੂੰ ਫੈਲਣ ਤੋਂ ਰੋਕਣ ਲਈ ਕਿਸੇ ਵੀ ਵਿਅਕਤੀ ਨੂੰ ਗਲੇ ਮਿਲਣ ਤੋਂ ਪਰਹੇਜ਼ ਕੀਤਾ ਜਾਵੇ। ਜੇਕਰ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾਣਾ ਪੈਂਦਾ ਹੈ ਤਾਂ ਮਾਸਕ ਲਗਾ ਕੇ ਜਾਓ। ਘਰ ਆ ਕੇ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ।
ਸਿਵਲ ਸਰਜਨ ਬਰਨਾਲਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਬੇਹੱਦ ਜ਼ਰੂਰੀ ਕੰਮ ਤੋਂ ਘਰਾਂ ਤੋਂ ਅਤੇ ਜ਼ਿਲ੍ਹੇ ਤੋਂ ਬਾਹਰ ਨਾ ਜਾਓ। ਜੇਕਰ ਖੰਘ, ਜੁਕਾਮ, ਬੁਖਾਰ ਜਿਹੇ ਲੱਛਣ ਜਾਪਦੇ ਹਨ ਜਾਂ ਕੋਈ ਵਿਅਕਤੀ ਬਾਹਰੋਂ ਆਉਂਦਾ ਹੈ ਤਾਂ ਉਹ ਸਿਹਤ ਵਿਭਾਗ ਨਾਲ ਜ਼ਰੂਰ ਸੰਪਰਕ ਕਰੇ।