ਕੁਰਾਲੀ, 27 ਮਈ (ਸੁਨੀਲ ਕੁਮਾਰ) – ਕੋਵਿਡ-19 (ਕੋਰੋਨਾ ਵਾਇਰਸ) ਇੱਕ ਮਹਾਮਾਰੀ ਵਾਂਗ ਜਿਥੇ ਦੁਨੀਆ ਭਰ ਵਿੱਚ ਆਪਣੇ ਪੈਰ ਵਿਸਥਾਰ ਰਹੀ ਹੈ ਇਸ ਮਹਾਮਾਰੀ ਤੋਂ ਗ੍ਰਸਤ ਮਰੀਜਾਂ ਦਾ ਦਿਨ ਪ੍ਰਤੀ ਦਿਨ ਦੁਨੀਆ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਵੱਖ ਵੱਖ ਸਮਾਜ ਸੇਵੀ ਸੰਸਥਾਵਾਂ ਨਾ ਸਿਰਫ ਆਪਣੇ ਦੇਸ਼ ਦੇ ਲੋਕਾਂ ਦੀ ਸੇਵਾ ਵਿੱਚ ਅੱਗੇ ਆ ਰਹੀਆਂ ਹਨ ਬਲਕਿ ਇਸ ਔਖੀ ਘੜੀ ਵਿੱਚ ਗਰੀਬ ਤੇ ਅਸਹਾਏ ਲੋਕਾਂ ਦੀ ਸੇਵਾ ਵਿੱਚ ਦਿਨ ਰਾਤ ਇੱਕ ਕਰ ਰਹੀਆਂ ਹਨ । ਜਿਸ ਵਿੱਚ ਗਿੱਲਕੋ ਗਰੁੱਪ ਵੱਲੋਂ ਪਿਛਲੇ ਲਗਭਗ 60 ਦਿਨਾਂ ਤੋਂ ਲਗਾਤਾਰ ਸਮੇਂ ਸਮੇਂ ਤੋਂ ਪੀ.ਪੀ.ਈ ਕਿੱਟਾਂ, ਮਾਸਕ, ਸੈਨੀਟਾਈਜਰ ਤੇ ਰਾਸ਼ਨ ਦੀ ਵੰਡ ਕਰਕੇ ਲੋਕਾਂ ਦੀ ਸੇਵਾ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਉਸੇ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਅੱਜ ਗਿੱਲਕੋ ਗਰੁੱਪ ਦੇ ਸੀ.ਐਮ.ਡੀ ਰਾਣਾ ਰਣਜੀਤ ਸਿੰਘ ਗਿੱਲ ਵੱਲੋਂ ਕੋਰੋਨਾ ਮਹਾਮਾਰੀ ਦੌਰਾਨ ਕੰਮ ਕਰ ਰਹੇ ਸਰਕਾਰੀ ਡਾਕਟਰਾਂ, ਨਰਸਾਂ ਤੇ ਉਨ੍ਹਾਂ ਦੇ ਹੋਰ ਸਹਾਇਕ ਮੁਲਾਜਮਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਸਿਵਲ ਹਸਪਤਾਲ ਕੁਰਾਲੀ ਦੇ ਐਸਐਮਓ ਡਾਕਟਰ ਭੁਪਿੰਦਰ ਸਿੰਘ ਨੂੰ 50 ਪੀ.ਪੀ.ਈ ਕਿੱਟਾਂ ਤੇ ਸੈਨੀਟਾਈਜਰ ਭੇਂਟ ਕੀਤਾ ਗਿਆ । ਸ:ਗਿੱਲ ਵੱਲੋਂ ਇਸ ਮੁਸ਼ਕਿਲ ਘੜੀ ਵਿੱਚ ਆਪਣੀ ਜਾਣ ਦੀ ਪ੍ਰਵਾਹ ਨਾ ਕਰਦੇ ਹੋਏ ਸਫਲਤਾ ਪੂਰਵਕ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਉਣ ਵਾਲੇ ਤੇ ਇਸ ਵਾਇਰਸ ਦੇ ਸ਼ੱਕੀ ਮਰੀਜਾਂ ਦਾ ਇਲਾਜ ਅਤੇ ਨਿਗਰਾਨੀ ਕਰ ਰਹੇ ਡਾਕਟਰ, ਨਰਸ਼ਾਂ ਤੇ ਹੋਰ ਸਹਾਇਕ ਮੁਲਾਜਮਾਂ ਦਾ ਧੰਨਵਾਦ ਕੀਤਾ ਗਿਆ ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਣਾ ਗਿੱਲ ਨੇ ਕਿਹਾ ਕਿ ਸਮੇਂ ਸਮੇਂ ਤੇ ਫੈਲੀਆਂ ਮਹਾਮਾਰੀਆਂ ਸਮੇਂ ਸਰਕਾਰੀ ਤੇ ਨਿੱਜੀ ਸਿਹਤ ਸੇਵਾਵਾਂ ਦੌਰਾਨ ਮਰੀਜ਼ਾਂ ਦੀ ਦੇਖਭਾਲ ਦਾ ਹਮੇਸ਼ਾ ਹੀ ਵੱਡਾ ਜਿੰਮਾ ਡਾਕਟਰਾਂ, ਨਰਸਾਂ ਤੇ ਉਨ੍ਹਾਂ ਦੇ ਸਹਾਇਕ ਸਟਾਫ ਦੇ ਹਿੱਸੇ ਆਉਂਦਾ ਰਿਹਾ ਹੈ ਅਤੇ ਹੁਣ ਮੌਜੂਦਾ ਕੋਰੋਨਾ ਮਹਾਂਮਾਰੀ ਦੇ ਮਰੀਜਾਂ ਦੇ ਇਲਾਜ ਮੌਕੇ ਇਲਾਜ ਲਈ ਬਿਨ੍ਹਾਂ ਕਿਸੇ ਭੇਦਭਾਵ ਦੇ ਸਮਰਪਣ ਦੀ ਭਾਵਨਾ ਨਾਲ ਕੋਰੋਨਾ ਨੂੰ ਮਾਤ ਦੇਣ ਲਈ ਫਰੰਟ ਲਾਈਨ ‘ਤੇ ਸੇਵਾਵਾਂ ਸੰਭਾਲੇ ਜਾਣ ਨਾਲ ਇਨ੍ਹਾਂ ਦਾ ਉੱਚ ਵਿਅਕਤੀਤਵ ਦਾ ਪ੍ਰਤੱਖ ਪ੍ਰਮਾਣ ਦਿੰਦਾ ਹੈ ।
ਉਨ੍ਹਾਂ ਕਿਹਾ ਇਨ੍ਹਾਂ ਦੀ ਇਸ ਸਮਰਪਣ ਦੀ ਭਾਵਨਾ ਨੂੰ ਵੇਖਦੇ ਹੋਏ ਸਾਡਾ ਫਰਜ ਵੀ ਬਣਦਾ ਹੈ ਕਿ ਅਸੀਂ ਇਨ੍ਹਾਂ ਤੇ ਇਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਕੁਝ ਕਰੀਏ ਜਿਸ ਤਹਿਤ ਅੱਜ ਉਨ੍ਹਾਂ ਦੇ ਗਿਲਕੋ ਗਰੁੱਪ ਵੱਲੋਂ 50 ਪੀ.ਪੀ.ਈ ਕਿੱਟਾਂ ਤੇ ਸੈਨੀਟਾਈਜਰ ਕੁਰਾਲੀ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਭੁਪਿੰਦਰ ਸਿੰਘ ਨੂੰ ਭੇਂਟ ਕੀਤੀਆਂ ਗਈਆਂ ਹਨ । ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਗਰੁੱਪ ਵੱਲੋਂ ਪਿਛਲੇ ਦਿਨੀਂ ਖਰੜ ਹਸਪਤਾਲ ਲਈ ਵੀ 100 ਪੀ.ਪੀ.ਈ ਕਿੱਟਾਂ ਐਸ.ਡੀ.ਐਮ ਸ਼੍ਰੀ ਹਿਮਾਂਸ਼ੂ ਜੈਨ ਜੀ ਤੇ ਪੁਲਿਸ ਮੁਲਾਜਮਾਂ ਲਈ ਡੀ.ਐਸ.ਪੀ ਖਰੜ ਨੂੰ 40 ਪੀ.ਪੀ.ਈ ਕਿੱਟਾਂ ਤੇ ਸੈਨੀਟਾਈਜਰ ਭੇਂਟ ਕੀਤੀਆਂ ਗਈਆਂ ਸਨ । ਰਾਣਾ ਗਿੱਲ ਵੱਲੋਂ ਇਸ ਮੁਸ਼ਕਿਲ ਘੜੀ ਵਿੱਚ ਵਿਉਤਬੰਦੀ ਨਾਲ ਸਫਲਤਾ ਪੂਰਵਕ ਕੀਤੇ ਕੰਮ ਲਈ ਐਸਡੀਐਮ ਖਰੜ ਸ਼੍ਰੀ ਹਿਮਾਸ਼ੂ ਜੈਨ ਤੇ ਸੀ.ਐਮ.ਓ ਐਸ.ਏ.ਐਸ ਨਗਰ ਡਾ. ਮਨਜੀਤ ਸਿੰਘ ਦੀ ਅਗਵਾਈ ਵਿੱਚ ਕੋਵਿਡ-19 ਵਿਰੁੱਧ ਕੰਮ ਕਰ ਰਹੀ ਉਨ੍ਹਾਂ ਦੀ ਸਿਹਤ ਵਿਭਾਗ ਦੀ ਪੂਰੀ ਟੀਮ ਤੇ ਹੋਰ ਸਮੂਹ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਧੰਨਵਾਦ ਕੀਤਾ ਗਿਆ । ਇਸ ਮੌਕੇ ਉਨ੍ਹਾਂ ਨਾਲ ਗਿੱਲਕੋ ਗਰੁੱਪ ਦੇ ਰਣਧੀਰ ਸਿੰਘ ਧੀਰਾ ਤੋਂ ਇਲਾਵਾ ਐਕਸਰੇ ਟੈਕਨੀਸ਼ਿਅਨ ਸਤਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਆਦਿ ਸਟਾਫ ਮੈਂਬਰ ਹਾਜਰ ਸਨ ।