
ਫਲ ਅਤੇ ਸਬਜ਼ੀ ਉਤਪਾਦਕਾਂ ਵੱਲੋਂ ਫਲਾਂ ਅਤੇ ਸਬਜ਼ੀਆਂ ਨੂੰ ਜਲਦੀ ਪਕਾਉਣ ਲਈ ਵੱਖ-ਵੱਖ ਰਸਾਇਣਾਂ, ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਨਾਲ ਇਹ ਜ਼ਹਿਰੀਲੀਆਂ ਹੋ ਰਹੀਆਂ ਹਨ ਕਿਉਂਕਿ ਕੀਟਨਾਸ਼ਕ ਦਵਾਈਆਂ ਦਾ ਇੱਕ ਹਿੱਸਾ ਹੀ ਕੀੜਿਆਂ ਨੂੰ ਖਤਮ ਕਰਨ ਦੇ ਕੰਮ ਆਉਂਦਾ ਹੈ, ਜਦਕਿ ਬਾਕੀ ਹਿੱਸਾ ਉਸ ਵਿੱਚ ਸਮਾ ਕੇ ਸਬਜ਼ੀਆਂ ਅਤੇ ਫਲਾਂ ਨੂੰ ਦੂਸ਼ਿਤ ਬਣਾ ਦਿੰਦਾ ਹੈ ਜਿਸਨੂੰ ਖਾ ਕੇ ਲੋਕ ਬੀਮਾਰ ਹੋ ਸਕਦੇ ਹਨ।
ਕੇਲੇ ਦੇ ਵੱਡੇ ਵਪਾਰੀਆਂ ਵੱਲੋਂ ਕੇਲੇ ਨੂੰ ਪਕਾਉਣ ਲਈ ਪਹਿਲਾਂ ਕਾਰਬੋਰੇਟਰ ਜੋਕਿ ਗੈਸ ਵੈਲਡਿੰਗ ਵਿੱਚ ਵਰਤਿਆ ਜਾਂਦਾ ਹੈ, ਨਾਲ ਪਕਾਇਆ ਜਾਂਦਾ ਸੀ ਜੋਕਿ ਅੱਜ-ਕੱਲ੍ਹ ਐਲਡ੍ਰਿਨ ਕੈਮੀਕਲ ਨਾਲ ਪਕਾਇਆ ਜਾਂਦਾ ਹੈ। ਐਲਡ੍ਰਿਨ ਅਜਿਹਾ ਕੀਟਨਾਸ਼ਕ ਹੈ ਜਿੱਥੇ ਇਸਨੂੰ ਲਗਾ ਦਿੱਤਾ ਜਾਵੇ ਉਸ ਥਾਂ ਤੇ ਸੌ ਸਾਲ ਤੱਕ ਸੁਸਰੀ ਵੀ ਪੈਦਾ ਨਹੀਂ ਹੋ ਸਕਦੀ। ਅੰਬ ਨੂੰ ਜਲਦੀ ਪਕਾਉਣ ਲਈ ‘ਕੈਲਸ਼ੀਅਮ ਕਾਰਬਾਈਡ’ ਨਾਂ ਦੇ ਇਕ ਕੈਮੀਕਲ ਦਾ ਇਸਤੇਮਾਲ ਕੀਤਾ ਜਾਂਦਾ ਹੈ, ਜਦਕਿ ਫਲ-ਸਬਜ਼ੀਆਂ ’ਤੇ ਜ਼ਿਆਦਾ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਨਾਲ ਡਾਇਬਟੀਜ਼, ਅਲਜਾਈਮਰ, ਅਸਥਮਾ, ਪ੍ਰਜਣਨ ਸਬੰਧੀ ਬੀਮਾਰੀਆਂ ਅਤੇ ਆਟਿਜਮ ਆਦਿ ਤੋਂ ਇਲਾਵਾ ਕਈ ਤਰ੍ਹਾਂ ਦੇ ਕੈਂਸਰ ਹੋਣ ਦਾ ਖਤਰਾ ਰਹਿੰਦਾ ਹੈ। ਪਿਛਲੇ ਕਈ ਸਾਲਾਂ ਵਿੱਚ ਡਾਕਟਰਾਂ ਨੂੰ ਕਈ ਮਰੀਜ਼ਾਂ ਦੀ ਜਾਂਚ ਦੌਰਾਨ ਉਨ੍ਹਾਂ ਦੇ ਖੂਨ ਵਿੱਚ ਅਲਫਾ ਅਤੇ ਬੀਟਾ ਐਂਡੋਸਲਫਾਨ, ਡੀ.ਡੀ.ਟੀ. ਅਤੇ ਡੀ.ਡੀ.ਈ., ਡਿਲਡ੍ਰਿਨ, ਐਲਡ੍ਰਿਨ ਅਤੇ ਗਾਮਾ ਐੱਚ.ਸੀ.ਐੱਚ. ਆਦਿ ਖਤਰਨਾਕ ਕੀਟਨਾਸ਼ਕ ਮੌਜੂਦ ਹੋਣ ਦਾ ਪਤਾ ਲੱਗਾ ਹੈ ਅਤੇ ਹੁਣ ਭਾਰਤੀ ਖੇਤੀ ਖੋਜ ਪ੍ਰੀਸ਼ਦ ਵਲੋਂ ਵੱਖ-ਵੱਖ ਸੰਸਥਾਵਾਂ ਦੇ ਸਹਿਯੋਗ ਨਾਲ ਕਰਵਾਈ ਖੋਜ ’ਚ ਪੰਜਾਬ ਦੇ ਝੋਨਾ, ਜੰਮੂ ਦੇ ਸਬਜ਼ੀ ਅਤੇ ਕਸ਼ਮੀਰ ਘਾਟੀ ਦੇ ਸੇਬ ਉਤਪਾਦਕਾਂ ਵਲੋਂ ਕੀਟਨਾਸ਼ਕਾਂ ਦੇ ਜਿਆਦਾ ਇਸਤੇਮਾਲ ਦਾ ਪਤਾ ਲੱਗਾ ਹੈ। ਝੋਨਾ ਉਤਪਾਦਕ 5 ਕੀਟਨਾਸ਼ਕਾਂ ਦੇ ਕਾਕਟੇਲ ਸਮੇਤ ਹੋਰ 9 ਖਰਪਤਵਾਰ ਨਾਸ਼ਕਾਂ ਸਮੇਤ 20 ਤਰ੍ਹਾਂ ਦੇ ਕੀਟਨਾਸ਼ਕਾਂ ਦੀ ਵਰਤੋਂ ਕਰ ਰਹੇ ਹਨ, ਜਿਨ੍ਹਾਂ ’ਚੋਂ ਕੁਝ ਕੀਟਨਾਸ਼ਕਾਂ ਨੂੰ ਵਿਸ਼ਵ ਸਿਹਤ ਸੰਗਠਨ ਨੇ ਵਿਨਾਸ਼ਕਾਰੀ ਦੱਸਿਆ ਹੈ।
ਇਸੇ ਸਬੰਧ ’ਚ ਕੁਝ ਸਮਾਂ ਪਹਿਲਾਂ ਦਿੱਲੀ ਹਾਈਕੋਰਟ ਨੇ ਸਬਜ਼ੀਆਂ ’ਚ ਕੀਟਨਾਸ਼ਕਾਂ ਦੀ ਵਰਤੋਂ ਸਬੰਧੀ ਜਨਹਿੱਤ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਕਿਹਾ ਸੀ, ‘‘ਫਲਾਂ ਨੂੰ ਪਕਾਉਣ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਖਪਤਕਾਰਾਂ ਨੂੰ ਜ਼ਹਿਰ ਦੇਣ ਬਰਾਬਰ ਹੈ। ਇਸ ਲਈ ਅਜਿਹੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਨਾਲ ਹੀ ਇਹ ਰੁਕੇਗਾ।’’ ਜਿਆਦਾ ਲਾਭ ਦੇ ਲਾਲਚ ਵਿੱਚ ਫਲ-ਸਬਜ਼ੀਆਂ ਅਤੇ ਹੋਰ ਫਸਲਾਂ ’ਤੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਜਿਆਦਾ ਵਰਤੋਂ ਯਕੀਨਨ ਹੀ ਮਨੁੱਖਤਾ ਵਿਰੁੱਧ ਵੱਡਾ ਅਪਰਾਧ ਹੈ। ਇਸ ਲਈ ਇਨ੍ਹਾਂ ਦਾ ਇਕ ਤੈਅ ਹੱਦ ਤੋਂ ਵੱਧ ਇਸਤੇਮਾਲ ਕਿਸੇ ਵੀ ਸੂਰਤ ’ਚ ਨਹੀਂ ਹੋਣਾ ਚਾਹੀਦਾ ਤਾਂ ਕਿ ਮਨੁੱਖ ਜਾਤੀ ਨੂੰ ਸਿਹਤ ਸਬੰਧੀ ਖਤਰਿਆਂ ਤੋਂ ਬਚਾਇਆ ਜਾ ਸਕੇ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ‘ਕੋਰੋਨਾ’ ਮਹਾਮਾਰੀ ਨੇ ਪਹਿਲਾਂ ਹੀ ਸਿਹਤ ਲਈ ਵੱਡੀਆਂ ਸਮੱਸਿਆਵਾਂ ਖੜ੍ਹੀਆਂ ਕੀਤੀਆਂ ਹੋਈਆਂ ਹਨ।