* ਐਸ.ਐਸ.ਪੀ ਵੱਲੋਂ ਵੀ ਪੁਲਿਸ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਦੇ ਹੁਕਮ
* ਨਾੜ ਸਾੜਨਾ ਬੇਹੱਦ ਖਤਰਨਾਕ, ਕੋਵਿਡ ਪਾਜ਼ਿਟਿਵ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ
ਸੰਗਰੂਰ, 8 ਮਈ (ਸੁਭਾਸ਼ ਭਾਰਤੀ):
ਜ਼ਿਲ੍ਹਾ ਸੰਗਰੂਰ ਵਿਖੇ ਕਿਸਾਨਾਂ ਵੱਲੋੋਂ ਕਣਕ ਦੀ ਫਸਲ ਕੱਟਣ ਤੋੋਂ ਬਾਅਦ ਰਹਿ ਜਾਂਦੀ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਬੰਧੀ ਸੂਚਨਾ ਪੰਜਾਬ ਰਿਮੋੋਟ ਸੈਂਸਿੰਗ ਸੈਂਟਰ, ਲੁਧਿਆਣਾ ਤੋੋਂ ਪ੍ਰਾਪਤ ਹੋ ਰਹੀ ਹੈ।ਨੈਸ਼ਨਲ ਗਰੀਨ ਟ੍ਰਿਬਿਊਨਲ, ਨਵੀ ਦਿੱਲੀ ਦੇ ਹੁਕਮਾਂ ਅਨੁਸਾਰ ਨਾੜ ਨੂੰ ਅੱਗ ਲਗਾਉਣਾ ਜੁਰਮ ਹੈ ਅਤੇ ਇਨ੍ਹਾਂ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਅੱਜ ਜ਼ਿਲ੍ਹਾ ਸੰਗਰੂਰ ਵਿਖੇ ਇਸ ਮਾਮਲੇ ਵਿਚ 10 ਪੁਲਿਸ ਕੇਸ ਦਰਜ ਕੀਤੇ ਗਏ ਹਨ ਜਿਸ ਤਹਿਤ ਥਾਣਾ ਸਦਰ ਧੂਰੀ ਵਿਖੇ 2, ਸਦਰ ਸੰਗਰੂਰ ਵਿਖੇ 4, ਸਿਟੀ ਸੁਨਾਮ ਵਿਖੇ 2 ਅਤੇ ਲੌਂਗੋਵਾਲ ਵਿਖੇ 2 ਪੁਲਿਸ ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਨਾੜ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਬੇਹੱਦ ਖਤਰਨਾਕ ਹਨ ਅਤੇ ਇਸ ਨਾਲ ਕੋਵਿਡ ਪਾਜ਼ਿਟਿਵ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਤੋੋਂ ਰੋੋਕਣ ਲਈ ਗਠਿਤ ਕੀਤੀਆਂ ਗਈਆਂ ਟੀਮਾਂ ਨਾੜ ਨੂੰ ਅੱਗ ਲਾਉਣ ਦੇ ਕੇਸਾਂ ਦੀ ਮੌਨੀਟਰਿੰਗ ਕਰ ਰਹੀਆਂ ਹਨ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਅਤੇ ਮਿੱਟੀ ਵਿਚਲੇ ਖ਼ੁਰਾਕੀ ਤੱਤਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ। ਇਸੇ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਵੱਲੋਂ ਸਮੂਹ ਡੀ.ਐਸ.ਪੀਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਸਬੰਧਤ ਉਪ ਮੰਡਲ ਮੈਜਿਸਟਰੇਟ ਨਾਲ ਤਾਲਮੇਲ ਰੱਖਦੇ ਹੋਏ ਪਿੰਡਾਂ ਵਿੱਚ ਸਖ਼ਤ ਚੌਕਸੀ ਰੱਖੀ ਜਾਵੇ ਅਤੇ ਅਜਿਹੇ ਮਾਮਲੇ ਸਾਹਮਣੇ ਆਉਣ `ਤੇ ਤੁਰੰਤ ਪੁਲਿਸ ਕੇਸ ਦਰਜ ਕੀਤੇ ਜਾਣ।

