ਲੋਕਾਂ ਨੂੰ ਮਾਸਕ ਪਾਉਣ, ਹੱਥਾਂ ਦੀ ਸਫਾਈ ਰੱਖਣ ਤੇ ਸਮਾਜਿਕ ਦੂਰੀ ਦੀ ਅਪੀਲ
ਬਰਨਾਲਾ,1 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਚਲਾਈ ਮੁਹਿੰਮ ‘ਮਿਸ਼ਨ ਫਤਹਿ’ ਤਹਿਤ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ, ਅਧਿਆਪਕਾਂ ਤੇ ਹੋਰ ਕਰਮਚਾਰੀਆਂ ਵੱਲੋਂ ਘਰ ਘਰ ਜਾ ਕੇ ਆਮ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।
ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਸਰਬਜੀਤ ਸਿੰਘ ਤੂਰ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਮਨਿੰਦਰ ਕੌਰ ਨੇ ਦੱਸਿਆ ਕਿ ਸਮੂਹ ਸਰਕਾਰੀ ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਖੁਦ ਕੋਰੋਨਾ ਸਾਵਧਾਨੀਆਂ ਦਾ ਇਸਤੇਮਾਲ ਕਰਦਿਆਂ ਘਰ ਘਰ ਪਹੁੰਚ ਕੀਤੀ ਗਈ। ‘ਘਰ ਘਰ ਸੰਪਰਕ’ ਮੁਹਿੰਮ ਦੌਰਾਨ ਅਧਿਆਪਕਾਂ ਨੇ ਆਮ ਲੋਕਾਂ ਨੂੰ ਹੱਥ ਧੋਣ ਦੇ ਤਰੀਕੇ ਬਾਰੇ ਦੱਸਣ ਦੇ ਨਾਲ ਨਾਲ ਮਾਸਕ ਪਾਉਣ ਅਤੇ ਘਰ ਤੋਂ ਬਾਹਰ ਜਾਣ ਸਮੇਂ ਆਪਸ ਵਿੱਚ ਸਰੀਰਕ ਦੂਰੀ ਬਣਾ ਕੇ ਰੱਖਣ ਬਾਰੇ ਜਾਗਰੂਕ ਕੀਤਾ।
ਉਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ) ਮੈਡਮ ਹਰਕੰਵਲਜੀਤ ਕੌਰ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਮੈਡਮ ਵਸੁੰਧਰਾ ਨੇ ਦੱਸਿਆ ਕਿ ਘਰ ਘਰ ਪਹੁੰਚੇ ਅਧਿਆਪਕਾਂ ਨੇ ਆਮ ਲੋਕਾਂ ਨੂੰ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣ ਲਈ ਪ੍ਰੇਰਿਤ ਕੀਤਾ ਅਤੇ ‘ਕੋਵਾ ਪੰਜਾਬ ਐਪ’ ਆਪੋ ਆਪਣੇ ਮੋਬਾਈਲ ਵਿੱਚ ਡਾਊਨਲੋਡ ਕਰਨ ਲਈ ਪ੍ਰੇਰਿਤ ਕਰਦਿਆਂ ਇਸ ਐਪ ਜ਼ਰੀਏ ਮਿਲਣ ਵਾਲੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੱਟੂ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਨੇ ਦੱਸਿਆ ਕਿ ਘਰ ਘਰ ਪਹੁੰਚ ਦੌਰਾਨ ਆਮ ਲੋਕਾਂ ’ਚ ਕੋਰੋਨਾ ਮਹਾਮਾਰੀ ਨੂੰ ਹਰਾਉਣ ਲਈ ਹੌਸਲਾ ਦੇਖਿਆ ਅਤੇ ਲੋਕਾਂ ਵੱਲੋਂ ਜਾਗਰੂਕਤਾ ਟੀਮਾਂ ਨੂੰ ਕੋਰੋਨਾ ਵਾਇਰਸ ਦਾ ਫੈਲਾਅ ਰੋਕਣ ਲਈ ਦੱਸੀਆਂ ਸਾਵਧਾਨੀਆਂ ’ਤੇ ਪੂਰਨ ਅਮਲ ਦਾ ਵਿਸ਼ਵਾਸ ਦਿਵਾਇਆ ਗਿਆ।