ਬਰਨਾਲਾ, 30 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਬਰਨਾਲਾ ਦੇ ਸਾਰੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੇ ਪੱਧਰ ’ਤੇ ਪੌਦੇ ਲਗਾਏ ਜਾਣ ਅਤੇ ਇਸ ਹਰਿਆਵਲ ਮੁਹਿੰਮ ਲਈ ਸਾਰੇ ਸਬੰਧਤ ਵਿਭਾਗ ਤਿਆਰੀ ਖਿੱਚ ਲੈਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਜ਼ਿਲ੍ਹ੍ਹੇ ਵਿੱਚ ਪੌਦੇ ਲਾਉਣ ਦੀ ਮੁਹਿੰਮ ਦੀ ਰਣਨੀਤੀ ਉਲੀਕਣ ਲਈ ਰੱਖੀ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਏਡੀਸੀ (ਜ) ਸ੍ਰੀ ਆਦਿਤਯ ਡੇਚਲਵਾਲ ਅਤੇ ਏਡੀਸੀ (ਡੀ) ਸ੍ਰੀ ਅਰੁਣ ਜਿੰਦਲ ਵੀ ਹਾਜ਼ਰ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਜ਼ਿਲ੍ਹੇ ਦੇ ਸਾਰੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਪੌਦੇ ਲਵਾਏ ਜਾਣੇ ਹਨ ਤਾਂ ਜੋ ਆਲਾ-ਦੁਆਲਾ ਹਰਿਆ ਭਰਿਆ ਰਹੇ। ਉਨ੍ਹਾਂ ਵੱਖ ਵੱਖ ਵਿਭਾਗਾਂ ਨੂੰ ਇਸ ਸਬੰਧੀ ਜਿੰਮੇਵਾਰੀਆਂ ਸੌਂਪੀਆਂ ਅਤੇ ਢੁਕਵੀਆਂ ਥਾਵਾਂ ਤੇ ਪੌਦਿਆਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨ੍ਹਾਂ ਆਖਿਆ ਕਿ ਆਗਾਮੀ ਮੌਸਮ ਪੌਦੇ ਲਾਉਣ ਲਈ ਢੁਕਵਾਂ ਹੈ, ਇਸ ਲਈ ਉਦੋਂ ਤੱਕ ਸਾਰੇ ਸਬੰਧਤ ਵਿਭਾਗ ਪੁਖਤਾ ਪ੍ਰਬੰਧ ਕਰ ਲੈਣ।
ਮੀਟਿੰਗ ਵਿੱਚ ਡੀਡੀਪੀਓ ਸੰਜੀਵ ਸ਼ਰਮਾ, ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ, ਈਓ ਮਨਪ੍ਰੀਤ ਸਿੰਘ ਸਿੱਧੂ ਸਣੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।