ਬਰਨਾਲਾ,3 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਬਰਨਾਲਾ ਪੁਲਸ ਵੱਲੋਂ ਭਾਰੀ ਮਾਤਰਾ ਨਸ਼ੀਲੀਆਂ ਗੋਲੀਆਂ ਸਮੇਤ ਦੋ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਐਸ.ਐਸ.ਪੀ ਬਰਨਾਲਾ ਸ੍ਰੀ ਸੰਦੀਪ ਗੋਇਲ ਨੇ ਪ੍ਰੈਸ ਕਾਨਫਰੰਸ ਦੌਰਾਨ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫੜੇ ਗਏ ਤਸਕਰਾਂ ਵਿੱਚੋਂ ਇੱਕ ਨਸ਼ੀਲੀਆਂ ਗੋਲੀਆਂ ਦਾ ਵੱਡਾ ਸਪਲਾਇਰ ਹੈ, ਜਿਸਦਾ ਪੰਜਾਬ ਦੇ ਕਈ ਜ਼ਿਲਿਆਂ ਸਮੇਤ ਨੇੜਲੇ ਸੂਬਿਆਂ ਵਿੱਚ ਵੀ ਨੈਟਵਰਕ ਹੈ। ਉਹਨਾਂ ਦੱਸਿਆ ਕਿ ਐਸ.ਪੀ ਸੁਖਦੇਵ ਸਿੰਘ ਵਿਰਕ ਅਤੇ ਏ.ਐਸ.ਪੀ ਪ੍ਰਗਿੱਆ ਜੈਨ ਦੀ ਅਗਵਾਈ ‘ਚ ਸੀ.ਆਈ.ਏ ਸਟਾਫ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ ਨੇ ਇੱਕ ਮੁਖਬਰੀ ਦੇ ਆਧਾਰ ‘ਤੇ ਬਰਨਾਲਾ-ਮਾਨਸਾ ਸੜਕ ‘ਤੇ ਕੀਤੀ ਛਾਪਾਮਾਰੀ ਦੌਰਾਨ ਮਾਨਸਾ ਤਰਫੋਂ ਆਉਂਦੀ ਸਵਿਫਿਟ ਕਾਰ ਨੰਬਰ ਡੀ.ਐਲ 5 ਸੀ.ਆਈ 8850 ਨੂੰ ਰੋਕਿਆ ਤਾਂ ਉਸ ਵਿੱਚੋਂ 1 ਲੱਖ ਰੁਪਏ 80 ਹਜਾਰ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਪੁਲਸ ਵੱਲੋਂ ਇਸ ਸਬੰਧੀ ਐਫ.ਆਈ.ਆਰ ਨੰਬਰ 66 ਮਿਤੀ, 3 ਜੁਲਾਈ 2020 ਧਾਰਾ 22/25/61/85 ਐਨ.ਡੀ, ਪੀ.ਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਕਾਰ ਵਿੱਚ ਸਵਾਰ ਦੋ ਵਿਆਕਤੀਆਂ ਦੀ ਪਹਿਚਾਣ ਹੁਮੇਸ ਕੁਮਾਰ ਮਿੰਟੂ ਉਰਫ ਬਾਬਾ ਪੁੱਤਰ ਕਾਕਾ ਸਿੰਘ ਵਾਸੀ ਕੜੈਲ ਜ਼ਿਲ•ਾ ਸੰਗਰੂਰ ਅਤੇ ਬਲਜੀਤ ਸਿੰਘ ਪੁੱਤਰ ਬਾਰਾ ਸਿੰਘ ਵਾਸੀ ਭੀਖੀ ਵੱਜੋਂ ਹੋਈ। ਇਹਨਾਂ ਕੋਲੋਂ 2 ਲੱਖ ਰੁਪਏ ਡਰੱਗ ਮਨੀ ਵੀ ਬਰਾਮਦ ਹੋਈ ਹੈ। ਐਸ.ਐਸ.ਪੀ ਗੋਇਲ ਨੇ ਦੱਸਿਆ ਕਿ ਗ੍ਰਿਫਤਾਰ ਕੀਤਾ ਗਏ ਮਿੰਟੂ ਬਾਬਾ ‘ਤੇ ਹਰਿਆਣਾ ਅਤੇ ਪੰਜਾਬ ਵਿੱਚ ਪਹਿਲਾਂ ਵੀ ਕਈ ਪਰਚੇ ਦਰਜ ਹਨ ਅਤੇ ਇੱਕ ਕੇਸ ਵਿੱਚ ਇਸ ਨੂੰ 15 ਸਾਲ ਦੀ ਸਜਾ ਵੀ ਹੋਈ ਵੀ ਹੈ। ਹੁਣ ਇਹ ਜਮਾਨਤ ‘ਤੇ ਬਾਹਰ ਆ ਕੇ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਮਾਨਸਾ ਆਦਿ ਜਿਲਿਆਂ ਵਿੱਚ ਨਸੀਲੀਆਂ ਦਵਾਈਆਂ ਦੀ ਸਪਲਾਈ ਕਰ ਰਿਹਾ ਹੈ। ਇਸ ਤਰ•ਾਂ ਬਲਜੀਤ ਸਿੰਘ ਭੀਖੀ ‘ਤੇ ਵੀ ਪਹਿਲਾਂ ਕਈ ਕੇਸ ਦਰਜ ਹਨ। ਪੁਲਸ ਮੁੱਖੀ ਅਨੁਸਾਰ ਇਹਨਾਂ ਦੀ ਗ੍ਰਿਫਤਾਰੀ ਨਾਲ ਕਈ ਹੋਰ ਨਸ਼ੇ ਦੇ ਤਸਕਰ ਅਤੇ ਨਸ਼ੇ ਦੇ ਜਖੀਰੇ ਪੁਲਸ ਦੇ ਹੱਥ ਆਉਣ ਦੀ ਸੰਭਾਵਨਾ ਹੈ।