ਪਟਿਆਲਾ, 10 ਜੁਲਾਈ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਸ. ਰਵੀ ਇੰਦਰ ਸਿੰਘ ਨੂੰ ਪਟਿਆਲਾ ਦੇ ਨਵੇਂ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਵਜੋਂ ਤਾਇਨਾਤ ਕੀਤਾ ਹੈ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਸ. ਇਸ਼ਵਿੰਦਰ ਸਿੰਘ ਦੇ ਡਿਪਟੀ ਡਾਇਰੈਕਟਰ ਵਜੋਂ ਪਦਉਨਤ ਹੋਣ ਬਾਅਦ ਡੀ.ਪੀ.ਆਰ.ਓ. ਪਟਿਆਲਾ ਦੇ ਖਾਲੀ ਹੋਏ ਅਹੁਦੇ ਦੀ ਜ਼ਿੰਮੇਵਾਰੀ ਅੱਜ ਸੰਭਾਲਣ ਬਾਅਦ ਸ. ਰਵੀ ਇੰਦਰ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਸਮੂਹ ਮੀਡੀਆ ਸਾਥੀਆਂ ਦੇ ਸਹਿਯੋਗ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਅਤੇ ਲੋਕ ਭਲਾਈ ਪ੍ਰੋਗਰਾਮਾਂ ਨੂੰ ਆਮ ਲੋਕਾਂ ਤੱਕ ਪੁੱਜਦਾ ਕਰਨਗੇ।
ਜਿਕਰਯੋਗ ਹੈ ਸ. ਰਵੀ ਇੰਦਰ ਸਿੰਘ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵਿੱਚ 2011 ਦੌਰਾਨ ਬਤੌਰ ਸਹਾਇਕ ਲੋਕ ਸੰਪਰਕ ਅਫ਼ਸਰ ਭਰਤੀ ਹੋਏ ਸਨ ਅਤੇ ਉਹ ਸ਼ਹੀਦ ਭਗਤ ਸਿੰਘ ਨਗਰ ਵਿਖੇ ਏ.ਪੀ.ਆਰ.ਓ. ਵਜੋਂ ਸੇਵਾਵਾਂ ਨਿਭਾ ਰਹੇ ਸਨ। ਹਾਲ ਹੀ ਦੌਰਾਨ ਵਿਭਾਗ ਵੱਲੋਂ ਉਨ੍ਹਾਂ ਨੂੰ ਸੂਚਨਾ ਅਤੇ ਲੋਕ ਸੰਪਰਕ ਅਫ਼ਸਰ ਵਜੋਂ ਤਰੱਕੀ ਦੇ ਕੇ ਪਦ ਉਨਤ ਕੀਤਾ ਗਿਆ ਸੀ, ਇਸ ਤੋਂ ਬਾਅਦ ਉਨ੍ਹਾਂ ਦੀ ਬਦਲੀ ਪਟਿਆਲਾ ਵਿਖੇ ਬਤੌਰ ਡੀ.ਪੀ.ਆਰ.ਓ. ਕੀਤੀ ਗਈ ਹੈ। ਸ. ਰਵੀ ਇੰਦਰ ਸਿੰਘ ਵੱਲੋਂ ਡੀ.ਪੀ.ਆਰ.ਓ. ਦਾ ਅਹੁਦਾ ਸੰਭਾਲੇ ਜਾਣ ਤੋਂ ਬਾਅਦ ਡੀ.ਪੀ.ਆਰ.ਓ. ਦਫ਼ਤਰ ਦੇ ਸਟਾਫ਼ ਅਤੇ ਪਟਿਆਲਾ ਦੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਉਨ੍ਹਾਂ ਨੂੰ ਜੀ ਆਇਆਂ ਕਿਹਾ ਗਿਆ ਹੈ।