
ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਗਰਮੀਆਂ ਆਉਣ ਤੇ ਕੋਰੋਨਾ ਦੇ ਪ੍ਰਕੋਪ ਵਿੱਚ ਕਟੌਤੀ ਆਵੇਗੀ ਪਰ ਅਜਿਹੇ ਸਭ ਅਨੁਸਾਨ ਗਲਤ ਸਿੱਧ ਹੋਏ ਹਨ ਅਤੇ ਦੇਸ਼-ਵਿਦੇਸ਼ ਵਿੱਚ ਕੋਰੋਨਾ ਸੰਕ੍ਰਮਣ ਤੇਜ਼ੀ ਨਾਲ ਵਧਦਾ ਜਾ ਰਿਹਾ ਹੈ। ਰਾਜਧਾਨੀ ਦਿੱਲੀ ਵਿੱਚ ਵੀ ਕੋਰੋਨਾ ਵਾਇਰਸ ਹੁਣ ਚਿੰਤਾਜਨਕ ਅਤੇ ਡਰ ਦੀ ਸਥਿਤੀ ਵਿੱਚ ਪੁੱਜ ਗਿਆ ਹੈ। ਇਸਦੇ ਮੱਦੇਨਜ਼ਰ ਜਿਸ ਪ੍ਰਕਾਰ ਦੂਸਰੇ ਕੋਰੋਨਾ ਪੀੜਤ ਦੇਸ਼ਾਂ ਨੇ ਕੋਰੋਨਾ ਮੁਕਤ ਹੋਏ ਦੇਸ਼ਾਂ ਵਿੱਚੋਂ ਸਿਹਤ ਸਟਾਫ ਬੁਲਾਇਆ ਹੈ, ਉਸੇ ਤਰ੍ਹਾਂ ਦਿੱਲੀ ਸਰਕਾਰ ਵੱਲੋਂ ਵੀ ਦਿੱਲੀ ਵਿੱਚ ਮੁਹਈਆ ਛੁੱਟੀ ਪ੍ਰਾਪਤ ਡਾਕਟਰਾਂ ਅਤੇ ਨਰਸਾਂ ਤੇ ਦੂਸਰੇ ਕੋਰੋਨਾ ਮੁਕਤ ਸੂਬਿਆਂ ਵਿੱਚੋਂ ਵੀ ਸਿਹਤ ਕਰਮੀ ਰੋਗੀਆਂ ਦੀ ਚਿਕਿਤਸਾ ਲਈ ਬੁਲਾਉਣੇ ਚਾਹੀਦੇ ਹਨ, ਬਸ਼ਰਤੇ ਉਹ ਸਰੀਰਕ ਪੱਖੋਂ ਸਿਹਤਮੰਦ ਹੋਣ।
ਚਾਹੇ ਕੋਰੋਨਾ ਦੇ ਤੇਜ਼ ਪ੍ਰਸਾਰ ਦੀ ਨਜ਼ਰ ਵਿੱਚ ਦਿੱਲੀ ਸਰਕਾਰ ਇਹ ਚਿਤਾਵਨੀ ਦੇ ਚੁੱਕੀ ਹੈ ਕਿ ਜੁਲਾਈ ਦੇ ਅਖੀਰ ਤੱਕ ਰਾਜਧਾਨੀ ਵਿੱਚ ਕੋਰੋਨਾ ਦੇ 5.5 ਲੱਖ ਮਾਮਲੇ ਆ ਸਕਦੇ ਹਨ ਅਤੇ ਦਿੱਲੀ ਸਰਕਾਰ ਨੂੰ ਸਮਾਂ ਰਹਿੰਦੇ ਹੀ ਗਲੱਵਸ, ਮਾਸਕ ਅਤੇ ਰਾਸ਼ਨ ਆਦਿ ਦਾ ਭੰਡਾਰ ਇਕੱਠਾ ਕਰ ਲੈਣਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਜ਼ਰੂਰੀ ਜੀਵਨ ਲੋੜਾਂ ਅਤੇ ਸੁਰੱਖਿਆ ਸਮੱਗਰੀ ਦੀ ਕਮੀ ਨਾ ਹੋਵੇ।
ਇਸੇ ਤਰ੍ਹਾਂ ਰਾਜਧਾਨੀ ਵਿੱਚ ਕੰਟਰੋਲ ਰੂਮ ਬਣਾਉਣ ਦੀ ਵੀ ਲੋੜ ਹੈ ਜਿਸਦੀ ਨਿਗਰਾਨੀ ਕੇਂਦਰ ਸਰਕਾਰ ਜਾਂ ਦਿੱਲੀ ਦੇ ਮੁੱਖਮੰਤਰੀ ਖੁਦ ਕਰਨ। ਚਾਹੇ ਕੋਰੋਨਾ ਦੇ ਚਲਦਿਆਂ ਸੈਂਕੜਿਆਂ ਦੀ ਸੰਖਿਆ ਵਿੱਚ ਮੌਤਾਂ ਹੋ ਰਹੀਆਂ ਹਨ। ਲਿਹਾਜਾ ਮ੍ਰਿਤਕਾਂ ਦੀ ਲਾਸ਼ਾਂ ਨੂੰ ਠਿਕਾਨੇ ਲਾਉਣ ਲਈ ਸ਼ਮਸ਼ਾਨਘਾਟ ਘੱਟ ਪੈਣ ਦੀ ਅਸ਼ੰਕਾ ਦੇ ਮੱਦੇਨਜ਼ਰ ਬਿਜਲੀ ਰਾਹੀਂ ਮ੍ਰਿਤਕ ਦਾ ਸੰਸਕਾਰ ਕਰਨ ਲਈ ਵਿਵਸਥਾ ਕਰਨ ਦੀ ਵੀ ਤੁਰੰਤ ਜ਼ਰੂਰਤ ਹੈ।
ਇਹੀ ਨਹੀਂ ਬਾਇਓਮੈਡੀਕਲ ਕਚਰੇ ਦੇ ਵਿਗਿਆਨਿਕ ਢੰਗ ਨਾਲ ਨਿਪਟਾਰਾ ਅਤੇ ਸਿਹਤ ਸੇਵਾਵਾਂ ਨਾਲ ਜੁੜੇ ਸਿਹਤ ਕਰਮੀਆਂ ਨੂੰ ਕੋਰੋਨਾ ਸੰਕ੍ਰਮਣ ਤੋਂ ਬਚਾਉਣ ਲਈ ਸੁਰੱਖਿਆ ਪ੍ਰਬੰਧ ਵੀ ਮਜ਼ਬੂਤ ਕਰਨੇ ਚਾਹੀਦੇ ਹਨ।
ਲੋਕਾਂ ਦੀ ਯਾਦਸ਼ਕਤੀ ਕਮਜ਼ੋਰ ਹੁੰਦੀ ਹੈ ਅਤੇ ਉਹਨਾਂ ਨੂੰ ਵਾਰ-ਵਾਰ ਸੁਰੱਖਿਆ ਸਾਵਧਾਨੀਆਂ ਅਪਣਾਉਣ ਦੀ ਯਾਦ ਦਿਵਾਉਂਦੇ ਰਹਿਣ ਲਈ ਮੁਹਿੰਮ ਚਲਾਉਣ, ਵਿਸ਼ੇਸ਼ ਤੌਰ ਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਘਰ ਤੋਂ ਬਾਹਰ ਨਾ ਨਿਕਲਣ ਦੇਣ ਲਈ ਪ੍ਰੇਰਿਤ ਕਰਨ ਅਤੇ ਜ਼ਿਆਦਾ ਸੰਕ੍ਰਮਣ ਵਾਲੇ ਖੇਤਰਾਂ ਵਿੱਚ ਸਖਤੀ ਨਾਲ ਲਾਕਡਾਊਨ ਦੁਬਾਰਾ ਲਾਗੂ ਕਰਨ ਦੀ ਵੀ ਲੋੜ ਹੈ, ਤਦ ਹੀ ਦਿੱਲੀ ਨੂੰ ਕੋਰੋਨਾ ਦੇ ਲਗਾਤਾਰ ਵਧ ਰਹੇ ਖਤਰੇ ਤੋਂ ਕਿਸੇ ਹੱਦ ਤੱਕ ਬਚਾਇਆ ਜਾ ਸਕੇਗਾ।