
ਸ਼੍ਰੋਮਣੀ ਅਕਾਲੀ ਦਲ ਤੋਂ ਬਾਗ਼ੀ ਹੋਏ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਤੇ ਅਕਾਲੀ ਟਕਸਾਲੀ ਆਗੂਆਂ ਨੇ ਮਿਲ ਕੇ ਨਵੀਂ ਪਾਰਟੀ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਪਾਰਟੀ ਦਾ ਨਾਂ ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੈਟਿਕ) ਰੱਖਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਅਹੁਦੇ ਤੋਂ ਹਟਾ ਦਿੱਤਾ ਹੈ। ਪਾਰਟੀ ਜਲਦ ਹੀ ਸ੍ਰੀ ਅਕਾਲ ਤਖ਼ਤ ਸਾਹਿਬ `ਚ ਸਾਰੇ ਅਕਾਲੀਆਂ ਨੂੰ ਇਕੱਠਾ ਕਰਕੇ ਨਵਾਂ ਏਜੰਡਾ ਤੈਅ ਕਰੇਗੀ। ਢੀਂਡਸਾ ਨੂੰ ਸੁਖਬੀਰ ਵਿਰੋਧੀ ਖੇਮੇ ਦਾ ਅੰਦਰਖਾਤੇ ਸਾਥ ਮਿਲ ਰਿਹਾ ਹੈ। ਦਰਅਸਲ, ਪਿਛਲੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਵਿਚ ਸਾਫ਼ ਹੋ ਗਿਆ ਸੀ ਕਿ ਪੰਜਾਬ ਵਿਚ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਕਾਂਗਰਸ ਅਤੇ ਅਕਾਲੀ ਦਲ ਦੀ ਅਦਲ-ਬਦਲ ਦੀ ਰਾਜਨੀਤੀ ਕਾਰਨ ਨਵੀਂ ਪਾਰਟੀ ਲਈ ਥਾਂ ਬਣ ਗਈ ਹੈ। ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਲੋਕ ਸਭਾ ਚੋਣਾਂ ਵਿਚ ਚੰਗਾ ਹੁੰਗਾਰਾ ਮਿਲਿਆ ਪਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਸਦੀ ਫੁੱਟ ਕਾਰਨ ਕਾਂਗਰਸ ਨੇ ਸਰਕਾਰ ਬਣਾ ਲਈ ਸੀ। ਜੇਕਰ ਅਕਾਲੀ ਦਲ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਠੀਕ 100 ਸਾਲ ਪਹਿਲਾਂ 1920 ਵਿਚ ਜਥੇਦਾਰ ਕਰਤਾਰ ਸਿੰਘ ਝੱਬਰ ਵੱਲੋਂ ਬੁਲਾਏ ਸਰਬੱਤ ਖ਼ਾਲਸੇ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਹੋਇਆ ਅਤੇ 13 ਦਸੰਬਰ 1920 ਨੂੰ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਨੇ ਦੇਸ਼ ਅਤੇ ਕੌਮ ਲਈ ਵੱਡਾ ਯੋਗਦਾਨ ਪਾਇਆ ਹੈ। ਉਸਨੇ ਤੋਸ਼ੇਖਾਨੇ ਦੀਆਂ ਚਾਬੀਆਂ ਦਾ ਮੋਰਚਾ, ਗੁਰੂ ਕੇ ਬਾਗ਼ ਦਾ ਮੋਰਚਾ, ਜੈਤੋ ਦਾ ਮੋਰਚਾ ਅਤੇ ਭਾਈ ਫੇਰੂ ਦੇ ਮੋਰਚੇ ਸਣੇ ਕਈ ਸੰਘਰਸ਼ ਵਿੱਢੇ ਸਨ। ਗੁਰਦੁਆਰਿਆਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਤੋਂ ਇਲਾਵਾ ਅਕਾਲੀ ਦਲ ਨੇ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਵੀ ਵੱਡਾ ਯੋਗਦਾਨ ਪਾਇਆ ਸੀ। ਅਕਾਲੀ ਦਲ ਵਿਚ ਸ਼ੁਰੂ ਤੋਂ ਧਰਮ ਅਤੇ ਸਿਆਸਤ ਨਾਲ-ਨਾਲ ਤੁਰੇ ਹਨ। ਅਕਾਲੀ ਦਲ ਨੇ ਕਈ ਚੰਗੇ-ਮਾੜੇ ਦੌਰ ਵੇਖੇ ਹਨ। ਕਈ ਬਗ਼ਾਵਤਾਂ ਅਤੇ ਕਈ ਰਲੇਵੇਂ ਵੀ ਹੋਏ। ਹੁਣ ਤਾਜ਼ਾ ਬਗ਼ਾਵਤ ਢੀਂਡਸਾ ਪਿਤਾ-ਪੁੱਤਰ ਦੀ ਹੈ। ਪੰਜਾਬ ਵਿਚ ਪ੍ਰਕਾਸ਼ ਸਿੰਘ ਬਾਦਲ ਤੋਂ ਬਾਅਦ ਸਭ ਤੋਂ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਹੀ ਸਨ ਜੋ ਪਾਰਟੀ ਦੇ ਜਨਰਲ ਸਕੱਤਰ ਰਹੇ। ਸ਼੍ਰੋਮਣੀ ਅਕਾਲੀ ਦਲ `ਚੋਂ ਕੱਢੇ ਜਾਣ ਤੋਂ ਬਾਅਦ ਅਕਾਲੀ ਦਲ ਦੇ ਨਾਲ-ਨਾਲ ਕਾਂਗਰਸ ਦੇ ਨਾਰਾਜ਼ ਆਗੂ ਵੀ ਢੀਂਡਸਾ ਦੀ ਬਾਂਹ ਫੜ ਰਹੇ ਹਨ। ਬਦਲਦੇ ਸਿਆਸੀ ਸਮੀਕਰਨਾਂ ਦੇ ਮੱਦੇਨਜ਼ਰ ਪੰਜਾਬ ਵਿਚ 2022 ਵਿਚ ਬਹੁਕੋਣੀ ਮੁਕਾਬਲਾ ਹੋਣ ਦੀ ਸੰਭਾਵਨਾ ਹੈ। ਸੂਬੇ ਵਿਚ ਇਸ ਸਮੇਂ ਬੇਰੁਜ਼ਗਾਰੀ ਕਿਰਸਾਨੀ ਸੰਕਟ, ਸ੍ਰੀ ਗੁਰੂ ਗੰ੍ਰਥ ਸਾਹਿਬ ਦੀ ਬੇਅਦਬੀ ਦਾ ਮਾਮਲਾ ਅਤੇ ਨਸ਼ੇ ਵਰਗੀਆਂ ਸਮੱਸਿਆਵਾਂ ਵੱਡੇ ਮੁੱਦੇ ਹਨ। ਢੀਂਡਸਾ ਅਤੇ ਉਨ੍ਹਾਂ ਦੀ ਪਾਰਟੀ ਵੀ ਇਨ੍ਹਾਂ ਮੁੱਦਿਆਂ ਦੀ ਹੀ ਗੱਲ ਕਰ ਰਹੀ ਹੈ। ਸੌ ਸਾਲ ਦੇ ਇਤਿਹਾਸ ਵਿਚ ਅਕਾਲੀ ਦਲ ਤੋਂ ਅਲੱਗ ਹੋ ਕੇ ਕੋਈ ਵੀ ਪਾਰਟੀ ਇਕੱਲੀ ਸਿੱਖ ਰਾਜਨੀਤੀ ਦੇ ਜ਼ੋਰ `ਤੇ ਸੱਤਾ ਤਕ ਨਹੀਂ ਪਹੁੰਚ ਸਕੀ ਹੈ। ਆਉਣ ਵਾਲੇ ਦਿਨਾਂ ਵਿਚ ਅਕਾਲੀ ਦਲ ਬਨਾਮ ਅਕਾਲੀ ਦਲ ਦੀ ਲੜਾਈ ਕੌਣ ਜਿੱਤੇਗਾ ਇਹ ਤਾਂ ਵਕਤ ਹੀ ਦੱਸੇਗਾ। ਉਂਜ ਜਿਸ ਪਾਰਟੀ ਨੇ ਦੇਸ਼ ਅਤੇ ਕੌਮ ਦੀ ਵੱਡੀ ਸੇਵਾ ਕੀਤੀ ਹੋਵੇ, ਉਸ ਦਾ ਸੌਵੇਂ ਸਾਲ ਵਿਚ ਖੱਖੜੀ-ਖੱਖੜੀ ਹੋਣਾ ਮੰਦਭਾਗਾ ਹੈ। ਇਨ੍ਹਾਂ ਦੋਵਾਂ `ਚੋਂ ਕਿਹੜਾ ਅਕਾਲੀ ਦਲ ਆਪਣੀ ਅਮੀਰ ਵਿਰਾਸਤ ਦਾ ਵਾਰਿਸ ਬਣੇਗਾ, ਇਸ ਬਾਰੇ ਵੀ ਸਮਾਂ ਹੀ ਦੱਸੇਗਾ ਪਰ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਪੰਜਾਬ ਦੀ ਸਿਆਸਤ ਦੀ ਦਿਸ਼ਾ ਅਤੇ ਦਸ਼ਾ ਪੂਰੀ ਤਰ੍ਹਾਂ ਬਦਲ ਜਾਵੇਗੀ।