ਪਟਿਆਲਾ, 9 ਫਰਵਰੀ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਦੇ ਜੰਗਲਾਤ ਤੇ ਸਮਾਜਿਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ ‘ਚ ਚੱਲਦੇ ਸੇਵਾ ਕੇਂਦਰਾਂ ਦੀ ਕਾਰਜ਼ਕੁਸ਼ਲਤਾ ‘ਚ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਚੰਗੇ ਵਾਤਾਵਰਨ ਵਿੱਚ ਇੱਕੋ ਛੱਤ ਹੇਠਾਂ ਸੁਖਾਲੇ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਵੱਲ ਇਤਿਹਾਸਕ ਕਦਮ ਚੁੱਕੇ ਹਨ ਅਤੇ 56 ਨਵੀਂਆਂ ਸੇਵਾਵਾਂ ਸ਼ੁਰੂ ਕਰਨ ਨਾਲ ਹੁਣ ਸੇਵਾ ਕੇਂਦਰਾਂ ‘ਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ 271 ਤੋਂ ਵੱਧਕੇ 327 ਹੋ ਗਈਆਂ ਹਨ।
ਸ. ਧਰਮਸੋਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਰਾਜ ਭਰ ‘ਚ ਸੇਵਾ ਕੇਂਦਰਾਂ ਵਿਖੇ 56 ਸੇਵਾਵਾਂ ਦੀ ਆਨ ਲਾਈਨ ਸ਼ੁਰੂਆਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਪਟਿਆਲਾ ਦੇ ਸੇਵਾ ਕੇਂਦਰ ਤੋਂ ਸੇਵਾਵਾਂ ਹਾਸਲ ਕਰਨ ਵਾਲੇ 5 ਲਾਭਪਾਤਰੀਆਂ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਸਮੀ ਤੌਰ ‘ਤੇ ਨਾਗਰਿਕ ਸੇਵਾਵਾਂ ਦੇ ਸਰਟੀਫਿਕੇਟ ਸੌਂਪਣ ਪੁੱਜੇ ਹੋਏ ਸਨ। ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਸ੍ਰੀ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਨੇ ਆਖਿਆ ਕਿ ਪਹਿਲਾਂ ਲੋਕਾਂ ਨੂੰ ਪੁਲਿਸ ਨਾਲ ਸਬੰਧਤ ਸੇਵਾਵਾਂ ਲੈਣ ਲਈ ਥਾਣੇ ਜਾਂ ਸਾਂਝ ਕੇਂਦਰਾਂ ‘ਚ ਜਾਣਾ ਪੈਂਦਾ ਸੀ ਪਰੰਤੂ ਹੁਣ ਇਹ 20 ਸੇਵਾਵਾਂ ਸੇੇਵਾ ਕੇਂਦਰਾਂ ‘ਚ ਮਿਲਣ ਨਾਲ ਸਾਂਝ ਕੇਂਦਰਾਂ ‘ਚ ਕੰਮ ਕਰਦੀ ਪੁਲਿਸ ਉਥੋਂ ਆਮ ਪੁਲਿਸਿੰਗ ‘ਚ ਲਗਾਈ ਜਾਵੇਗੀ ਅਤੇ ਆਮ ਲੋਕਾਂ ਲਈ ਆਪਣੇ ਕੰਮ ਕਰਵਾਉਣੇ ਹੋਰ ਵੀ ਆਸਾਨ ਹੋ ਗਏ ਹਨ। ਜਦੋਂਕਿ ਟਰਾਂਸਪੋਰਟ ਵਿਭਾਗ ਦੀਆਂ 35 ਸੇਵਾਵਾਂ ਸੇਵਾ ਕੇਂਦਰਾਂ ‘ਚ ਮਿਲਣ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਹੋ ਗਿਆ ਹੈ। ਇਸੇ ਤਰ੍ਹਾਂ ਮਾਲ ਵਿਭਾਗ ਦੀਆਂ ਸੇਵਾਵਾਂ ਸੇਵਾ ਕੇਂਦਰਾਂ ‘ਚ ਪ੍ਰਾਪਤ ਹੋਣ ਨਾਲ ਲੋਕਾਂ ਦੀ ਖੱਜਲ ਖੁਆਰੀ ਖਤਮ ਹੋ ਜਾਵੇਗੀ।
ਸ. ਧਰਮਸੋਤ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਦੀ ਅਗਵਾਈ ਹੇਠ ਸਰਕਾਰ ਨੇ ਲੋਕਾਂ ਨੂੰ ਸਮਾਂਬੱਧ ਢੰਗ ਨਾਲ ਸੇਵਾਵਾਂ ਪ੍ਰਦਾਨ ਕਰਦਿਆਂ ਸਰਕਾਰੀ ਕੰਮ ਕਾਜ ਨੂੰ ਹੋਰ ਬਿਹਤਰ ਬਣਾਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਬਿਨ੍ਹਾਂ ਸਰਕਾਰ ਨੇ ਲੋਕਾਂ ਦੀਆਂ ਸ਼ਿਕਾਇਤਾਂ ਤੇ ਸਮੱਸਿਆਵਾਂ ਦੇ ਨਿਪਟਾਰੇ ਲਈ ਇੱਕ ਆਨਲਾਈਨ ਗ੍ਰਿਵੈਂਸ ਰਿਡਰੈਸਲ ਪੋਰਟਲ ਦੀ ਵੀ ਸ਼ੁਰੁਆਤ ਕੀਤੀ ਹੈ ਅਤੇ ਜਲਦੀ ਹੀ ਇਕ ਕਾਲ ਸੈਂਟਰ ਵੀ ਅਰੰਭ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੇ 41 ਸੇਵਾ ਕੇਂਦਰਾਂ ਵਿਖੇ ਰੋਜ਼ਾਨਾ ਕਰੀਬ 2000 ਲੋਕ ਸੇਵਾਵਾਂ ਲੈਣ ਆਉਂਦੇ ਹਨ ਤੇ ਜੂਨ 2020 ਤੋਂ ਜਨਵਰੀ 2021 ਤੱਕ 3 ਲੱਖ 8 ਹਜ਼ਾਰ 476 ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ ਹਨ।
ਮੀਡੀਆ ਨਾਲ ਗੱਲਬਾਤ ਕਰਦਿਆਂ ਕਿਸਾਨੀ ਸੰਘਰਸ਼ ਬਾਬਤ ਪੁੱਛੇ ਗਏ ਇੱਕ ਸਵਾਲ ਦੇ ਜਵਾਬ ‘ਚ ਸ. ਧਰਮਸੋਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨੀਤੀ ਅਤੇ ਨੀਅਤ ਖੋਟੀ ਹੈ, ਜਿਸ ਕਰਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਜਾਇਜ਼ ਮੰਗਾਂ ਅਤੇ ਪੂਰੇ ਅਵਾਮ ਦੇ ਅੰਦੋਲਨ ਨੂੰ ਨਜ਼ਰ ਅੰਦਾਜ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਲੜਕੀ ਗੁਰਲੀਨ ਕੌਰ ਨੇ ਸੇਵਾ ਕੇਂਦਰ ਤੋਂ ਕੁਝ ਹੀ ਦਿਨਾਂ ‘ਚ ਆਪਣਾ ਲਰਨਿੰਗ ਲਾਇਸੈਂਸ ਹਾਸਲ ਕਰਨ ਦਾ ਸਫ਼ਲ ਤਜਰਬਾ ਵੀ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨਾਲ ਸਾਂਝਾ ਕੀਤਾ। ਜਦੋਂਕਿ ਇਸ ਮੌਕੇ ਗੁਰਲੀਨ ਕੌਰ ਤੋਂ ਇਲਾਵਾ ਹਰਸ਼ਦੀਪ ਸਿੰਘ ਨੂੰ ਲਰਨਰ ਡਰਾਇਵਿੰਗ ਲਾਇਸੈਂਸ, ਦਵਿੰਦਰ ਸ਼ਰਮਾ ਨੂੰ ਜਨਮ ਸਰਟੀਫਿਕੇਟ, ਅਮਨ ਸ਼ਰਮਾ ਤੇ ਗੋਵਿੰਦਾ ਕੁਮਾਰ ਨੂੰ ਡੀ.ਡੀ.ਆਰ. ਦੀ ਕਾਪੀ ਸੌਂਪੀ ਗਈ।
ਇਸੇ ਦੌਰਾਨ ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ ਤੇ ਐਸ.ਡੀ.ਐਮ. ਪਟਿਆਲਾ ਚਰਨਜੀਤ ਸਿੰਘ ਨੇ ਪਿੰਡ ਚੌਰਾ ਦੇ ਸੇਵਾ ਕੇਂਦਰ ਵਿਖੇ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਮੌਕੇ ਲਾਭਪਾਤਰੀਆਂ ਨੂੰ ਸਰਟੀਫਿਕੇਟ ਸੌਂਪੇ। ਘਨੌਰ ਸੇਵਾ ਕੇਂਦਰ ਵਿਖੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗਗਨਦੀਪ ਸਿੰਘ ਜੌਲੀ ਜਲਾਲਪੁਰ ਤੇ ਨਾਇਬ ਤਹਿਸੀਲਦਾਰ ਗੌਰਵ ਕੁਮਾਰ ਵੱਲੋਂ ਜਦੋਂਕਿ ਭਾਦਸੋਂ ਸੇਵਾ ਕੇਂਦਰ ਵਿਖੇ ਐਸ.ਡੀ.ਐਮ. ਨਾਭਾ ਕਾਲਾ ਰਾਮ ਕਾਂਸਲ ਵੱਲੋਂ ਤੇ ਸੇਵਾ ਕੇਂਦਰ ਕਕਰਾਲਾ ਵਿਖੇ ਐਸ.ਡੀ.ਐਮ. ਸਮਾਣਾ ਨਮਨ ਮੜਕਣ ਵੱਲੋਂ, ਪਿੰਡ ਚੌਂਹਟ ਦੇ ਸੇਵਾ ਕੇਂਦਰ ਵਿਖੇ ਤਹਿਸੀਲਦਾਰ ਸਮਾਣਾ ਸੰਦੀਪ ਸਿੰਘ ਵੱਲੋਂ, ਨਰੜੂ ਸੇਵਾ ਕੇਂਦਰ ਵਿਖੇ ਤਹਿਸੀਲਦਾਰ ਰਾਜਪੁਰਾ ਇੰਦਰ ਕੁਮਾਰ ਵਧਵਾ ਵੱਲੋਂ ਅਤੇ ਇਸੇ ਤਰ੍ਹਾਂ ਘੱਗਾ ਸੇਵਾ ਕੇਂਦਰ ਵਿਖੇ ਨਾਇਬ ਤਹਿਸੀਲਦਾਰ ਪਾਤੜਾਂ ਰਾਜਬ੍ਰਿੰਦਰ ਸਿੰਘ ਧਨੋਆ ਵੱਲੋਂ ਵੀ ਲਾਭਪਾਤਰੀਆਂ ਨੂੰ ਸਰਟੀਫਿਕੇਟ ਸੌਂਪੇ ਗਏ।
ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਕੇ.ਕੇ. ਸ਼ਰਮਾ, ਪੰਜਾਬ ਲਾਰਜ ਸਕੇਲ ਇੰਡਸਟਰੀ ਬੋਰਡ ਦੇ ਸੀਨੀਅਰ ਵਾਈਸ ਚੇਅਰਮੈਨ ਕੇ.ਕੇ. ਸਹਿਗਲ, ਮਹਿਲਾ ਕਮਿਸ਼ਨ ਦੀ ਸੀਨੀਅਰ ਵਾਈਸ ਚੇਅਰਪਰਸਨ ਬਿਮਲਾ ਸ਼ਰਮਾ, ਸ਼ਹਿਰੀ ਕਾਂਗਰਸ ਪ੍ਰਧਾਨ ਕੇ.ਕੇ. ਮਲਹੋਤਰਾ, ਮਹਿਲਾ ਕਾਂਗਰਸ ਪ੍ਰਧਾਨ ਕਿਰਨ ਢਿੱਲੋਂ, ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੇ ਚੇਅਰਮੈਨ ਜਸਵੀਰ ਇੰਦਰ ਸਿੰਘ ਢੀਂਡਸਾ, ਪੇਡਾ ਦੇ ਸੀਨੀਅਰ ਵਾਇਸ ਚੇਅਰਮੈਨ ਅਨਿਲ ਮੰਗਲਾ, ਪੀ.ਐਸ.ਡੀ.ਆਈ.ਸੀ. ਦੇ ਡਾਇਰੈਕਟਰ ਹਿਮਾਂਸ਼ੂ ਝਾਅ, ਡਿਪਟੀ ਕਮਿਸ਼ਨਰ ਕੁਮਾਰ ਅਮਿਤ,ਏ.ਡੀ.ਸੀ. (ਵਿਕਾਸ) ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਪੂਜਾ ਸਿਆਲ ਗਰੇਵਾਲ, ਸਹਾਇਕ ਕਮਿਸ਼ਨਰ (ਜ) ਇਸਮਤ ਵਿਜੇ ਸਿੰਘ, ਈ ਗਵਰਨੈਂਸ ਤੋਂ ਈ ਰੌਬਿਨ ਸਿੰਘ, ਡੀ.ਐਮ. ਸੇਵਾ ਕੇਂਦਰ ਗੁਰਪ੍ਰੀਤ ਸਿੰਘ, ਡੀ.ਆਰ.ਆਈ.ਟੀ.ਐਮ. ਸਰੁਚੀ ਮਹਾਜਨ ਤੇ ਚਾਂਦਨੀ, ਡੀ.ਜੀ.ਆਰ. ਤੋਂ ਹਰਿੰਦਰ ਕੌਰ ਅਤੇ ਹੋਰ ਪਤਵੰਤੇ ਮੌਜੂਦ ਸਨ।