ਬਰਨਾਲਾ, 8 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪਿੰੰਡ ਠੀਕਰੀਵਾਲਾ, ਕੋਠੇ ਰਾਮਸਰ, ਨਾਈਵਾਲਾ, ਪੱਤੀ ਬਾਜਵਾ ਸਮੇਤ ਕਈ ਪਿੰਡਾਂ ਵਿੱਚੋਂ ਲੰਘਦੀ ਲਸਾੜਾ ਡਰੇਨ ਵਿਚ ਪਾਣੀ ਦਾ ਵਹਾਅ ਰੁਕਣ ਦੀ ਸਮੱਸਿਆ ਹੁਣ ਪੇਸ਼ ਨਹੀਂ ਆਏਗੀ। ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਆਦੇਸ਼ਾਂ ’ਤੇ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਵੱਲੋਂ ਮਗਨਰੇਗਾ ਵਰਕਰਾਂ ਰਾਹੀਂ ਇਸ ਡਰੇਨ ਦੀ ਜੂਨ ਸੁਧਾਰੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਵੱਲੋਂ ਅੱਜ ਅਚਨਚੇਤ ਕੋਠੇ ਰਾਮਸਰ ਵਿਖੇ ਲਸਾੜਾ ਡਰੇਨ ਦੇ ਸਫਾਈ ਕਾਰਜ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਸਾੜਾ ਡਰੇਨ ਵਿੱਚ ਗਾਜਰ ਬੂਟੀ ਤੇ ਹੋਰ ਘਾਹ ਫੂਸ ਹੋਣ ਕਾਰਨ ਕਿਸਾਨਾਂ ਵੱਲੋਂ ਇਸ ਡਰੇਨ ਵਿੱਚ ਪਾਣੀ ਦੇ ਰੁਕਣ ਕਾਰਨ ਬਰਸਾਤੀ ਦਿਨਾਂ ਵਿੱਚ ਇਸ ਦੇ ਓਵਰਫਲੋਅ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ। ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਉਨ੍ਹਾਂ ਪੇਂਡੂ ਵਿਕਾਸ ਤੇ ਪੰਚਾਇਤੀ ਵਿਭਾਗ ਰਾਹੀਂ ਡਰੇਨ ਦੀ ਸਫਾਈ ਕਰਵਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਇਸ ਡਰੇਨ ਦੀ ਸਫਾਈ ਹੋਣ ਨਾਲ ਪਾਣੀ ਦਾ ਵਹਾਅ ਨਹੀਂ ਰੁਕੇਗਾ ਅਤੇ ਇਸ ਦੇ ਓਵਰਫਲੋਅ ਹੋਣ ਦੀ ਦਿੱਕਤ ਪੇਸ਼ ਨਹੀਂ ਹੋਵੇਗੀ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱਸਿਆ ਕਿ ਇਸ ਡਰੇਨ ਵਿੱਚ ਕਰੀਬ 3 ਕਿਲੋਮੀਟਰ ਤੱਕ ਉਘੀ ਗਾਜਰ ਬੂਟੀ ਦੀ ਮਗਨਰੇਗਾ ਵਰਕਰਾਂ ਰਾਹੀਂ ਸਫਾਈ ਕਰਵਾਈ ਜਾ ਰਹੀ ਹੈ। ਇਹ ਡੇਰਨ ਕੁਝ ਦਿਨਾਂ ਦੇ ਅੰਦਰ ਹੀ ਪੂਰੀ ਤਰ੍ਹਾਂ ਸਾਫ ਹੋ ਜਾਵੇਗੀ, ਜਿਸ ਨਾਲ ਕਈ ਪਿੰਡਾਂ ਨੂੰ ਰਾਹਤ ਮਿਲੇਗੀ।