ਪਟਿਆਲਾ, 23 ਮਈ (ਪੀਤੰਬਰ ਸ਼ਰਮਾ) : ਰੰਗਮੰਚ ਦੀ ਉੱਘੀ ਸਖਸ਼ੀਅਤ ਉਮਾ ਗੁਰਬਖਸ਼ ਸਿੰਘ ਦੇ ਅਕਾਲ ਚਲਾਣੇ ਉੱਪਰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਗਹਿਰਾ ਸ਼ੋਕ ਪ੍ਰਗਟਾਇਆ ਗਿਆ। ਵਾਈਸ ਚਾਂਸਲਰ ਡਾ. ਬੀ. ਐੱਸ. ਘੁੰਮਣ ਨੇ ਆਪਣੇ ਸ਼ੋਕ ਸੰਦੇਸ਼ ਵਿਚ ਕਿਹਾ ਪੰਜਾਬੀ ਰੰਗਮੰਚ ਅਤੇ ਕਲਾ ਦੀ ਦੁਨੀਆਂ ਵਿਚ ਉਨ੍ਹਾਂ ਦਾ ਇਕ ਅਹਿਮ ਨਾਮ ਸੀ ਜਿਸ ਉੱਪਰ ਪੰਜਾਬੀ ਜਗਤ ਹਮੇਸ਼ਾ ਹੀ ਮਾਣ ਕਰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਇਸੇ ਸਾਲ ਫਰਵਰੀ ਮਹੀਨੇ ਜਦੋਂ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮੌਕੇ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਸੀ ਤਾਂ ਇਸ ਮੌਕੇ ਸਨਮਾਨਿਤ ਸਖਸ਼ੀਅਤਾਂ ਵਿਚ ਉਮਾ ਗੁਰਬਖਸ਼ ਸਿੰਘ ਦਾ ਨਾਮ ਵੀ ਸ਼ਾਮਿਲ ਸੀ।
ਥੀਏਟਰ ਅਤੇ ਟੈਲਵਿਯਨ ਵਿਭਾਗ ਮੁਖੀ ਡਾ. ਜਸਪਾਲ ਦਿਉਲ ਨੇ ਦੱਸਿਆ ਕਿ ਉਨ੍ਹਾਂ ਨੂੰ ਪੰਜਾਬੀ ਰੰਗਮੰਚ ਦੀ ਪਹਿਲੀ ਔਰਤ ਅਦਾਕਾਰਾ ਹੋਣ ਦਾ ਮਾਣ ਸੀ। ਉਨ੍ਹਾਂ ਨੇ 1939 ਦੌਰਾਨ ਆਪਣੇ ਲੇਖਕ ਪਿਤਾ ਸ੍ਰ. ਗੁਰਬਖਸ਼ ਸਿੰਘ ਪ੍ਰੀਤਲੜੀ ਵੱਲੋਂ ਲਿਖਿਤ ਨਾਟਕ ‘ਰਾਜਕੁਮਾਰੀ ਲਤਿਕਾ’ ਵਿਚ ਅਦਾਕਾਰੀ ਕਰ ਕੇ ਆਪਣੇ ਰੰਗਮੰਚੀ ਜੀਵਨ ਦੀ ਸ਼ੁਰੂਆਤ ਕੀਤੀ ਸੀ। ਪੰਜਾਬੀ ਰੰਗਮੰਚ ਜਗਤ ਨੂੰ ਹਮੇਸ਼ਾ ਉਨ੍ਹਾਂ ਉੱਪਰ ਫਖਰ ਰਹੇਗਾ।
ਡਾਇਰੈਕਟਰ, ਲੋਕ ਸੰਪਰਕ ਡਾ. ਹੈਪੀ ਜੇਜੀ ਨੇ ਕਿਹਾ ਕਿ ਮਰਹੂਮ ਉਮਾ ਗੁਰਬਖਸ਼ ਸਿੰਘ ਦੇ ਯੋਗਦਾਨ ਨੂੰ ਇਸ ਲਈ ਹਮੇਸ਼ਾ ਚੇਤਿਆਂ ਵਿਚ ਰੱਖਿਆ ਜਾਵੇਗਾ ਕਿ ਉਨ੍ਹਾਂ ਨੇ ਪੰਜਾਬੀ ਰੰਗਮੰਚ ਵਿਚ ਅਜਿਹੀ ਪਹਿਲਕਦਮੀ ਕਰ ਕੇ ਹੋਰਨਾਂ ਕੁੜੀਆਂ ਲਈ ਵੀ ਇਹ ਰਾਹ ਖੋਲ੍ਹਿਆ। ਉਨ੍ਹਾਂ ਦੀ ਅਜਿਹੀ ਪ੍ਰੇਰਣਾ ਸਦਕਾ ਅੱਜ ਬਹੁਤ ਸਾਰੀਆਂ ਲੜਕੀਆਂ ਰੰਗਮੰਚ ਦੇ ਖੇਤਰ ਵਿਚ ਸ਼ਾਨ ਨਾਲ ਵਿਚਰ ਰਹੀਆਂ ਹਨ।
ਯੁਵਕ ਭਲਾਾਈ ਵਿਭਾਗ, ਕਲਾ ਫੈਕਲਟੀ ਨਾਲ ਸੰਬੰਧਤ ਅਧਿਆਪਾਨ ਵਿਭਾਗਾਂ ਤੋਂ ਇਲਾਵਾ ਕਲਾ ਅਤੇ ਰੰਗਮੰਚ ਨਾਲ ਜੁੜੀਆਂ ਸਭ ਸਖਸ਼ੀਅਤਾਂ ਵੱਲੋਂ ਉਨ੍ਹਾਂ ਦੇ ਅਕਾਲ ਚਲਾਣੇ ਉੱਪਰ ਅਫਸੋਸ ਪ੍ਰਗਟਾਇਆ ਗਿਆ।