ਜਲੰਧਰ, 25 ਅਪ੍ਰੈਲ (ਪਰਮਜੀਤ) : ਕੋਰੋਨਾ ਵਾਇਰਸ ਮਹਾਂਮਾਰੀ ਦੇ ਮੱਦੇਨਜ਼ਰ ਪੈਦਾ ਹੋਈ ਸਥਿਤੀ ਦੇ ਚੱਲਦਿਆਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਗੁਰਮੀਤ ਸਿੰਘ ਵਲੋਂ ਪੁਲਿਸ ਅਧਿਕਾਰੀਆਂ ਤੇ ਕਰਮੀਆਂ ਸਮੇਤ ਸ਼ਨੀਵਾਰ ਦੀ ਸ਼ਾਮ ਨੂੰ 12 ਸਾਲਾ ਲੜਕੀ ਜਪਨੀਤ ਕੌਰ ਦਾ ਜਨਮ ਵਿਸ਼ੇਸ਼ ਢੰਗ ਨਾਲ ਮਨਾ ਕੇ ਉਸਦੇ ਜਨਮ ਦਿਨ ਨੂੰ ਖ਼ਾਸ ਦਿਨ ਬਣਾ ਦਿੱਤਾ।
ਕਰਫ਼ਿਊ ਕਰਕੇ ਜਸਨੀਤ ਦੇ ਪਿਤਾ ਰੂਪਨੀਤ ਸਿੰਘ ਜੋ ਕਿ ਵਿਕਾਸਪੁਰੀ ਵਿੱਚ ਰਹਿੰਦੇ ਹਨ ਅਪਣੀ ਬੇਟੀ ਦਾ ਜਨਮ ਦਿਨ ਮਨਾਉਣ ਨੂੰ ਲੈ ਕੇ ਮੌਜੂਦਾ ਸਥਿਤੀ ਕਰਕੇ ਕਾਫ਼ੀ ਚਿੰਤਾ ਵਿੱਚ ਸਨ। ਉਨ੍ਹਾਂ ਵਲੋਂ ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੂੰ ਜਨਮ ਦਿਨ ਮਨਾਉਣ ਸਬੰਧੀ ਸਹਾਇਤਾ ਲਈ ਐਸ.ਐਮ.ਐਸ.ਭੇਜਿਆ ਗਿਆ। ਇਸ ‘ਤੇ ਤੁਰੰਤ ਕਾਰਵਾਈ ਕਰਦਿਆਂ ਦੋਵਾਂ ਅਧਿਕਾਰੀਆਂ ਵਲੋਂ ਸਹਾਇਕ ਕਮਿਸ਼ਨਰ ਰਣਦੀਪ ਸਿੰਘ ਅਤੇ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਗੁਰਮੀਤ ਸਿੰਘ ਨੂੰ ਬੇਟੀ ਦਾ ਜਨਮ ਦਿਨ ਵਧੀਆ ਢੰਗ ਨਾਲ ਮਨਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ।
ਜਸਨੀਤ ਕੌਰ ਅਤੇ ਉਸ ਦੇ ਸਾਰੇ ਪਰਿਵਾਰ ਨੂੰ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਦੀ ਅਗਵਾਈ ਵਿੱਚ ਸਬ ਇੰਸਪੈਕਟਰ ਮੋਨਿਕਾ ਅਰੋੜਾ ਤੇ ਸੰਦੀਪ ਕੌਰ ਉਨ੍ਹਾਂ ਦੇ ਘਰ ਜਨਮ ਦਿਨ ਵਾਲੀ ਲੜਕੀ ਲਈ ਕੇਕ ਤੇ ਤੋਹਫ਼ੇ ਲੈ ਕੇ ਪਹੁੰਚੇ। ਪੁਲਿਸ ਅਧਿਕਾਰੀਆਂ ਵਲੋਂ ਲੜਕੀ ਦਾ ਜਨਮ ਦਿਨ ਮਨਾਇਆ ਗਿਆ ਅਤੇ ਕਮਿਸ਼ਨਰ ਪੁਲਿਸ ਸ੍ਰ.ਗੁਰਪ੍ਰੀਤ ਸਿੰਘ ਭੁੱਲਰ ਵਲੋਂ ਫੋਨ ‘ਤੇ ਜਨਮ ਦਿਨ ਦੀਆਂ ਪਰਿਵਾਰ ਨੂੰ ਇਸ ਵਿਸ਼ੇਸ਼ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ।
ਇਸ ਤੇ ਜਪਨੀਤ ਕੌਰ ਦੇ ਪਿਤਾ ਰੂਪਨੀਤ ਸਿੰਘ ਅਤੇ ਮਾਤਾ ਅਮਨਪ੍ਰੀਤ ਕੌਰ ਵਲੋਂ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦਾ ਉਨ੍ਹਾਂ ਦੀ ਬੇਟੀ ਲਈ ਇਸ ਦਿਨ ਨੂੰ ਖ਼ਾਸ ਦਿਨ ਬਣਾਉਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਨਾਂ ਕੋਲ ਲਫਜ਼ ਨਹੀਂ ਹਨ ਜਿਨਾਂ ਨਾਲ ਉਹ ਇਨਾਂ ਅਧਿਕਾਰੀਆਂ ਦਾ ਧੰਨਵਾਦ ਕਰ ਸਕਣ ਜੋ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਸਮਾਂ ਕੱਢ ਕੇ ਉਨਾਂ ਦੀ ਬੇਟੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਏ ਹਨ। ਉਨ੍ਹਾਂ ਕਿਹਾ ਕਿ ਇਨਾਂ ਅਧਿਕਾਰੀਆਂ ਵਲੋਂ ਸਮਾਜ ਦੀ ਸੱਚੀ ਸੇਵਾ ਕੀਤੀ ਜਾ ਰਹੀ ਹੈ ।