* ਮਿਸ਼ਨ ਫਤਿਹ ਨਾਲ ਜੁੜਨ ਲਈ ਕੋਵਾ ਐਪ ਡਾਊਨਲੋਡ ਕਰਨ ਦਾ ਸੱਦਾ
ਬਰਨਾਲਾ, 23 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਕਰੋਨਾ ਵਾਇਰਸ ਤੋਂ ਬਚਾਅ ਲਈ ਜ਼ਿਲ੍ਹਾ ਬਰਨਾਲਾ ਵਿਚ ਵੱਖ ਵੱਖ ਵਿਭਾਗਾਂ ਵੱਲੋਂ ‘ਮਿਸ਼ਨ ਫਤਿਹ’ ਤਹਿਤ ਜਾਗਰੂਕਤਾ ਗਤੀਵਿਧੀਆਂ ਜਾਰੀ ਹਨ। ਜ਼ਿਲ੍ਹਾ ਵਾਸੀ ਵੀ ਜ਼ਰੂਰੀ ਇਹਤਿਆਤਾਂ ਦੀ ਪਾਲਣਾ ਕਰਨ ਅਤੇ ਮਿਸ਼ਨ ਫਤਿਹ ਦਾ ਸਾਥ ਦੇਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਜੈ ਭਾਸਕਰ ਤੇ ਹੋਰ ਵਿਭਾਗਾਂ ਨੂੰ ਨਿਰਦੇਸ਼ ਕੀਤੇ ਕਿ ਉਹ ਕਰੋਨਾ ਵਾਇਰਸ ਤੋਂ ਬਚਾਅ ਲਈ ਲੋਕਾਂ ਵਿਚ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਮਾਸਕ ਪਾਉਣ, ਸਮੇਂ ਸਮੇਂ ’ਤੇ ਹੱਥ ਧੋਣ, ਸਮਾਜਿਕ ਦੂਰੀ ਬਣਾ ਕੇ ਰੱਖਣ ਆਦਿ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਤੀਜੇ ਹਫਤੇ ਕਰਾਈਆਂ ਜਾਗਰੂਕਤਾ ਗਤੀਵਿਧੀਆਂ ਤਹਿਤ ਪੁਲੀਸ ਵਿਭਾਗ, ਯੁਵਕ ਸੇਵਾਵਾਂ ਵਲੰਟੀਅਰ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਨਗਰ ਕੌਂਸਲਾਂ ਦੇ ਸਟਾਫ ਤੇ ਐਨਜੀਓਜ਼ ਵੱਲੋਂ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਗਈਆਂ ਤਾਂ ਜੋ ਲੋਕ ਇਸ ਮਹਾਮਾਰੀ ਤੋਂ ਬਚ ਸਕਣ।
ਉਨ੍ਹਾਂ ਆਖਿਆ ਕਿ ਮਿਸ਼ਨ ਫਤਿਹ ਮੁਹਿੰਮ ਲੋਕਾਂ ਦੀ, ਲੋਕਾਂ ਵੱਲੋਂ ਅਤੇ ਲੋਕਾਂ ਲਈ ਹੈ ਅਤੇ ਸਾਰੀਆਂ ਹਦਾਇਤਾਂ ਤੇ ਨਿਯਮਾਂ ਦੀ ਪਾਲਣਾ ਕਰ ਕੇ ਅਤੇ ਲੋੜਵੰਦਾਂ ਪ੍ਰਤੀ ਫਰਜ਼ ਨਿਭਾਅ ਕੇ ਇਸ ਨੂੰ ਸਫਲ ਬਣਾਉੁਣਾ ਹੈ। ਡਿਪਟੀ ਕਮਿਸ਼ਨਰ ਨੇ ਆਖਿਆ ਕਿ ਵੱਧ ਤੋਂ ਵੱਧ ਲੋਕ 9465339933 ਨੰਬਰ ’ਤੇ ਮਿਸ ਕਾਲ ਦੇ ਕੇ ਮਿਸ਼ਨ ਫਹਿਤ ਨੂੰ ਸਹਿਯੋਗ ਦੇਣ। ਇਸ ਤੋਂ ਇਲਾਵਾ ਕੋਵਾ ਪੰਜਾਬ ਐਪ ਡਾਊਨਲੋਡ ਕਰ ਕੇ ਸਹੀ ਅਤੇ ਸਟੀਕ ਜਾਣਕਾਰੀ ਹਾਸਲ ਕੀਤੀ ਜਾਵੇ ਅਤੇ ਮਿਸ਼ਨ ਫਤਿਹ ਜੁਆਇਨ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕੋਵਾ ਐਪ ’ਤੇ ਕੋਵਿਡ ਦੀਆਂ ਸਾਵਧਾਨੀਆਂ ਤਹਿਤ ਆਪਣੀ ਫੋਟੋ ਅਪਲੋਡ ਕਰਨ ਵਾਲੇ ਵਿਅਕਤੀ ਦੀ ਚੋਣ ਸੂਬਾਈ ਪੱਧਰ ’ਤੇ ਕੀਤੀ ਜਾਵੇਗੀ, ਜਿਸ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸਨ ਨੂੰ ਭੇਜੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾ ਸਕੇ।