ਚੰਡੀਗੜ, (ਅਨਿਲ ਭਾਰਤੀ):
ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 18 ਮਈ ਤੋਂ ਸੂਬੇ ਵਿਚੋਂ ਕਰਫਿਊ ਹਟਾਉਣ ਦਾ ਐਲਾਨ ਕੀਤਾ ਹੈ। ਸ਼ਨੀਵਾਰ ਸ਼ਾਮ ਨੂੰ ਆਪਣੇ ਫੇਸਬੁੱਕ ਪੇਜ ਤੋਂ ਲੋਕਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੁੰ ਭਰੋਸਾ ਦਿੱਤਾ ਕਿ ਦੇਸ਼ ਵਿਚ ਚੌਥੇ ਗੇੜ ਦਾ ਲਾਕਡਾਊਨ 18 ਮਈ ਤੋਂ ਸ਼ੁਰੂ ਹੋਵੇਗਾ ਪਰ ਉਹ 18 ਮਈ ਨੂੰ ਸੂਬੇ ਵਿੱਚੋਂ ਕਰਫਿਊ ਖ਼ਤਮ ਕਰ ਦੇਣਗੇ ਅਤੇ ਲਾਕਡਾਊਨ 31 ਮਈ ਤੱਕ ਜਾਰੀ ਰਹੇਗਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਕਦੋਂ ਤਕ ਜਾਰੀ ਰਹੇਗਾ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਉਨ੍ਹਾਂ ਲਈ ਪਹਿਲਾਂ ਪੰਜਾਬੀਆਂ ਦੀ ਜ਼ਿੰਦਗੀ ਅਹਿਮ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਾਸੀਆਂ ਨੂੰ ਭਰੋਸਾ ਦਿੰਦਿਆਂ ਕਿਹਾ ਕਿ 18 ਮਈ ਨੂੰ ਹੋਰ ਕਾਫ਼ੀ ਰਾਹਤਾਂ ਦਿੱਤੀਆਂ ਜਾਣਗੀਆਂ।
ਕੰਟੇਨਮੈਂਟ ਤੇ ਨਾਨ-ਕੰਟੇਨਮੈਂਟ ਜ਼ੋਨ ਹੋਣਗੇ
ਕੈਪਟਨ ਨੇ ਕਿਹਾ ਕਿ ਉਹ ਗ੍ਰੀਨ, ਔਰੇਂਜ ਜਾਂ ਰੈਡ ਕੰਟੈਨਮੈਂਟ ਜ਼ੋਨ ਨੂੰ ਨਹੀਂ ਮੰਨਦੇ ਅਤੇ ਇਸ ਬਾਰੇ ਉਨ੍ਹਾਂ ਪ੍ਰਧਾਨਮੰਤਰੀ ਨੂੰ ਵੀ ਕਹਿ ਦਿੱਤਾ ਸੀ ਕਿ ਕੰਟੈਨਮੈਂਟ ਦਾ ਮਸਲਾ ਮੁੱਖ ਮੰਤਰੀਆਂ `ਤੇ ਛੱਡਿਆ ਜਾਵੇ ਕਿਉਂਕਿ ਇਹ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਬਿਹਤਰ ਪਤਾ ਹੁੰਦਾ ਹੈ। ਕੈਪਟਨ ਨੇ ਕਿਹਾ ਕਿ ਉਹ ਸਿਰਫ ਕੰਟੈਨਮੈਂਟ ਜ਼ੋਨ ਜਾਂ ਨਾਨ ਕੰਟੈਨਮੈਂਟ ਜ਼ੋਨ ਨੂੰ ਮੰਨਦੇ ਹਨ। ਇਸ ਤਰ੍ਹਾਂ ਜਿਸ ਖੇਤਰ ਵਿਚ ਮਰੀਜ਼ ਮਿਲਣਗੇ ਉੱਥੇ ਹੀ ਸਖ਼ਤੀ ਕਰਦਿਆਂ ਖੇਤਰ ਸੀਲ ਕੀਤਾ ਜਾਵੇਗਾ ਜਦੋਂ ਕਿ ਬਾਕੀ ਖੇਤਰ ਖੋਲ੍ਹਿਆ ਜਾਵੇਗਾ।
ਕੈਪਟਨ ਨੇ ਕਿਹਾ ਕਿ 80 ਹਜ਼ਾਰ ਦੇ ਕਰੀਬ ਪੰਜਾਬੀਆਂ ਨੇ ਬਾਹਰੋਂ ਆਉਣਾ ਹੈ, ਜਿਸ ਕਰਕੇ ਸਥਿਤੀ ਅਜੇ ਨਾਜ਼ੁਕ ਹੈ। ਉਨ੍ਹਾਂ ਕਿਹਾ ਕਿ ਬਾਹਰੋਂ ਆਉਣ ਵਾਲੇ ਪੰਜਾਬੀਆਂ ਨੂੰ 14 ਦਿਨਾਂ ਲਈ ਇਕਾਂਤਵਾਸ ਵਿਚ ਰੱਖਿਆ ਜਾਵੇਗਾ ਪਰ ਜਿਹੜੇ ਠੀਕ ਹੋਣਗੇ ਉਨ੍ਹਾਂ ਨੂੰ ਘਰ ਭੇਜ ਕੇ ਘਰ ਵਿਚ ਹੀ ਇਕਾਂਤਵਾਸ ਕੀਤਾ ਜਾਵੇਗਾ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਰੇਲ ਗੱਡੀਆਂ ਅਤੇ ਉਡਾਣਾਂ ਚਲਾਉਣ ਦੀ ਹਾਮੀ ਭਰੀ। ਕੈਪਟਨ ਨੇ 18 ਮਈ ਤੋਂ ਟਰਾਂਸਪੋਰਟ ਚਲਾਉਣ ਦੇ ਵੀ ਸੰਕੇਤ ਦਿੱਤੇ ਹਨ।
ਝੋਨੇ ਦੀ ਬਿਜਾਈ 10 ਜੂਨ ਤੋਂ ਹੀ ਕੀਤੀ ਜਾਵੇ- ਕੈਪਟਨ
ਇਕ ਜੂਨ ਤੋਂ ਪੰਜਾਬ ਵਿਚ ਝੋਨਾ ਲਾਉਣ ਦੀ ਖੁੱਲ੍ਹ ਦੇਣ ਦੇ ਸਵਾਲ ਵਿਚ ਕੈਪਟਨ ਨੇ ਕਿਸਾਨਾਂ ਨੂੰ 10 ਜੂਨ ਤੋਂ ਝੋਨਾ ਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜੇਕਰ ਪਹਿਲੀ ਜੂਨ ਤੋਂ ਝੋਨਾ ਲਾਇਆ ਜਾਵੇਗਾ ਤਾਂ ਅਗੇਤੀ ਫ਼ਸਲ ਕੱਟਣ ਨਾਲ ਨਮੀ ਆਵੇਗੀ ਕਿਉਂਕਿ ਅਗਸਤ-ਸਤੰਬਰ ਮਹੀਨੇ ਵਿਚ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸੇ ਤਰ੍ਹਾਂ ਨਮੀ ਹੋਣ ਕਰਕੇ ਝੋਨਾ ਵੇਚਣ ਵਿਚ ਪਰੇਸ਼ਾਨੀ ਆਵੇਗੀ। ਉਨ੍ਹਾਂ ਕਿਸਾਨਾਂ ਨੂੰ ਕਿਹਾ, `ਮੇਰੀ ਗੱਲ ਮੰਨੋ ਝੋਨਾ 10 ਜੂਨ ਤੋਂ ਲਾਇਆ ਜਾਵੇ।` ਉਨ੍ਹਾਂ ਕਿਹਾ ਕਿ 123 ਲੱਖ ਮੀਟਰਕ ਟਨ ਕਣਕ ਮੰਡੀਆਂ ਵਿਚ ਆ ਚੁੱਕੀ ਹੈ।
ਅਜੇ ਸਕੂਲ ਨਹੀਂ ਖੋਲ੍ਹੇ ਜਾਣਗੇ, ਫੀਸਾਂ ਵਿੱਚ ਨਹੀਂ ਹੋਵੇਗਾ ਵਾਧਾ
ਸਕੂਲ ਖੋਲ੍ਹਣ ਦੇ ਸਵਾਲ `ਤੇ ਕੈਪਟਨ ਨੇ ਕਿਹਾ ਕਿ ਬਿਮਾਰੀ ਫੈਲਣ ਦੇ ਡਰ ਕਾਰਨ ਨਿੱਜੀ ਦੂਰੀ ਬਣਾਉਣੀ ਬਹੁਤ ਜ਼ਰੂਰੀ ਹੈ। ਜੇਕਰ ਸਕੂਲ ਖੋਲ੍ਹੇ ਗਏ ਤਾਂ ਬੱਚੇ ਇਕੱਠੇ ਬੈਂਚ `ਤੇ ਬੈਠਣਗੇ, ਇਕੱਠੇ ਖੇਡਣਗੇ। ਇਸ ਲਈ ਉਹ ਕੋਈ ਖ਼ਤਰਾ ਨਹੀਂ ਲੈਣਾ ਚਾਹੁੰਦੇ। ਉਨ੍ਹਾਂ ਕਿਹਾ ਕਿ ਨਿੱਜੀ ਸਕੂਲਾਂ ਨੂੁੰ ਫੀਸਾਂ ਨਾ ਵਧਾਉਣ ਦੇ ਹੁਕਮ ਦਿੱਤੇ ਗਏ ਹਨ ਕਿ ਅੱਠ ਫ਼ੀਸਦੀ ਹਰੇਕ ਸਾਲ ਫੀਸ ਵਧਾਉਣ ਦੇ ਫ਼ੈਸਲੇ ਨੂੰ ਇਸ ਸਾਲ ਲਾਗੂ ਨਾ ਕੀਤਾ ਜਾਵੇ। ਕੈਪਟਨ ਨੇ ਕਾਰੋਬਾਰ ਖੋਲ੍ਹਣ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ 18 ਮਈ ਨੂੰ ਹੋਰ ਵੀ ਕਾਫ਼ੀ ਰਿਆਇਤਾਂ ਦਿੱਤੀਆਂ ਜਾਣਗੀਆਂ, ਵੱਡੇ ਕਾਰੋਬਾਰ ਅਤੇ ਫੈਕਟਰੀਆਂ ਚਾਲੂ ਕਰ ਦਿੱਤੀਆਂ ਗਈਆਂ ਹਨ, ਛੋਟੀ ਇੰਡਸਟਰੀ ਤੇ ਕਾਰੋਬਾਰ ਵੀ ਖੋਲ੍ਹੇ ਜਾਣਗੇ। ਕੈਪਟਨ ਨੇ ਕਾਰੋਬਾਰ ਬੰਦ ਹੋਣ ਕਾਰਨ ਘਾਟਾ ਪੈਣ `ਤੇ ਅਫ਼ਸੋਸ ਪ੍ਰਗਟ ਕੀਤਾ ਤੇ ਨਾਲ ਹੀ ਕਿਹਾ ਕਿ ਪਹਿਲਾਂ ਪੰਜਾਬੀਆਂ ਨੂੰ ਬਚਾਉਣਾ ਜ਼ਰੂਰੀ ਸੀ। ਵਿਰੋਧੀ ਪਾਰਟੀਆਂ ਵੱਲੋਂ ਕੀਤੀ ਜਾ ਰਹੀ ਸਿਆਸਤ ਦੇ ਮੁੱਦੇ `ਤੇ ਕੈਪਟਨ ਨੇ ਕਿਹਾ ਕਿ ਸਿਆਸੀ ਆਗੂਆਂ ਨੂੰ ਸਰਬ ਪਾਰਟੀ ਮੀਟਿੰਗ ਦੌਰਾਨ ਸਹਿਯੋਗ ਦੇਣ ਦੇ ਵਾਅਦੇ ਅਨੁਸਾਰ ਕੋਰੋਨਾ ਨੂੰ ਹਰਾਉਣ ਲਈ ਮਦਦ ਤੇ ਸਹਿਯੋਗ ਦੇਣਾ ਚਾਹੀਦਾ ਹੈ ਪਰ, ਕੋਵਿਡ-19 ਨੂੰ ਛੱਡ ਕੇ ਬਾਕੀ ਮੁੱਦਿਆਂ `ਤੇ ਸਿਆਸਤ ਕਰਨੀ ਹੈ ਕਰੀ ਜਾਓ।