ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਆਉਂਦੇ ਦਿਨੀਂ ਵੀ ਜਾਰੀ ਰਹੇਗੀ ਮੁਹਿੰਮ
ਬਰਨਾਲਾ, 25 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹੇ ਵਿਚ ਸਵੱਛਤਾ ਮੁਹਿੰਮ ਨੂੰ ਹੁਲਾਰਾ ਦੇਣ ਅਤੇ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਨਿਰਦੇਸ਼ਾਂ ’ਤੇ ਵਿਸ਼ੇਸ਼ ਸਫਾਈ ਮੁਹਿੰਮ ਵਿੱਢੀ ਗਈ ਹੈ। ਇਹ ਮੁਹਿੰਮ ਪਿੰਡਾਂ ਵਿਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਅਤੇ ਡੀਡੀਪੀਓ ਸੰਜੀਵ ਸ਼ਰਮਾ, ਜਦੋਂÎਕਿ ਸ਼ਹਿਰਾਂ ਵਿਚ ਐਸਡੀਐਮ ਅਨਮੋਲ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਨਗਰ ਕੌਂਸਲਾਂ ਰਾਹੀਂ ਵਿੱਢੀ ਗਈ ਹੈ।
ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ-ਸ਼ਹਿਰਾਂ ਵਿੱਚ ਸੜਕਾਂ ’ਤੇ ਖੜ੍ਹੇ ਨਦੀਨ, ਗਾਜਰ ਬੂਟੀ ਆਦਿ ਦੇ ਸਫਾਏ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਤਹਿਤ ਜਿੱਥੇ ਸੜਕਾਂ, ਪਹੀਆਂ ਆਦਿ ’ਤੇ ਖੜ੍ਹੇ ਨਦੀਨ ਨਸ਼ਟ ਕੀਤੇ ਜਾ ਰਹੇ ਹਨ, ਉਥੇ ਕੀਟਨਾਸ਼ਕ ਘੋਲ ਦਾ ਛਿੜਕਾਅ ਵੀ ਕਰਾਇਆ ਜਾ ਰਿਹਾ ਹੈ ਤਾਂ ਜੋ ਨਦੀਨ ਮੁੜ ਤੋਂ ਸਿਰ ਨਾ ਚੁੱਕ ਸਕÎਣ ਅਤੇ ਆਲਾ-ਦੁਆਲਾ ਸਾਫ ਸੁੱਥਰਾ ਰਹੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਨੇ ਦੱੱਸਿਆ ਕਿ ਇਸ ਮੁਹਿੰਮ ਤਹਿਤ ਪਿੰਡਾਂ ਨਾਲ ਜੁੜਦੀਆਂ ਸੜਕਾਂ ’ਤੇ ਨਦੀਨਾਂ ਆਦਿ ਦੀ ਸਫਾਈ ਦੇ ਵੀ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਆਖਿਆ ਕਿ ਮੌਨਸੂਨ ਸੀਜ਼ਨ ਦੇ ਮੱਦੇਨਜ਼ਰ ਇਹ ਮੁਹਿੰਮ ਵਿਆਪਕ ਪੱਧਰ ’ਤੇ ਵਿੱਢੀ ਗਈ ਹੈ, ਜਿਸ ਨਾਲ ਸਵੱਛਤਾ ਮੁੁਹਿੰਮ ਨੂੰ ਵੀ ਹੁਲਾਰਾ ਮਿਲੇਗਾ।
ਇਸ ਮੌਕੇ ਨਗਰ ਕੌਂਸਲ ਬਰਨਾਲਾ ਦੇ ਕਾਰਜਸਾਧਕ ਅਫਸਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਅੱਜ ਬਰਨਾਲਾ ਸ਼ਹਿਰ ਵਿਚ ਕਚਹਿਰੀ ਚੌਕ ਤੋਂ ਹੰਢਿਆਇਆ ਚੌਕ ਤੱਕ ਸੜਕਾਂ ਦੇ ਆਸ –ਪਾਸ ਉਘੀ ਗਾਜਰ ਬੂਟੀ ਅਤੇ ਹੋਰ ਨਦੀਨਾਂ ਦਾ ਸਫਾਇਆ ਕਰਾਇਆ ਗਿਆ ਅਤੇ ਸਪਰੇਅ ਕਰਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਆਉਂਦੇ ਦਿਨੀਂ ਵੀ ਜਾਰੀ ਰਹੇਗੀ। ਇਸ ਮੌਕੇ ਚੀਫ ਸੈਨੇਟਰੀ ਇੰਸਪੈਕਟਰ ਬਿਸ਼ਨ ਦਾਸ ਅਤੇ ਸੈਨੇਟਰੀ ਇੰਸਪੈਕਟਰ ਅੰਕੁਸ਼ ਸਿੰਗਲਾ ਵੀ ਹਾਜ਼ਰ ਸਨ।