ਪਟਿਆਲਾ (ਪ੍ਰੈਸ ਕਿ ਤਾਕਤ ਬਯੂਰੋ) ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਰਾਸ਼ਟਰੀ ਬੇਟੀ ਦਿਵਸ ‘ਤੇ ਆਪਣਾ ਸੰਦੇਸ਼ ਦਿੰਦਿਆ ਕਿਹਾ ਕਿ ਬੇਟੀਆਂ ਸਾਡੇ ਜੀਵਨ ਦਾ ਆਧਾਰ ਹਨ ਇਸ ਲਈ ਬੇਟੀਆਂ ਨਾਲ ਭੇਦਭਾਵ ਕਰਨ ਦੀ ਥਾਂ ਬੇਟੀਆਂ ਨੂੰ ਉਨ੍ਹਾਂ ਦੇ ਬਣਦੇ ਅਧਿਕਾਰ ਪ੍ਰਦਾਨ ਕਰਨੇ ਚਾਹੀਦੇ ਹਨ। ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੇਟੀਆਂ ਅਤੇ ਮਹਿਲਾਵਾਂ ਦੇ ਸ਼ਸ਼ਕਤੀਕਰਨ ਲਈ ਚੁੱਕੇ ਗਏ ਕਦਮਾਂ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਰਾਜ ਸਰਕਾਰ ਨੇ ਪਹਿਲਾਂ ਮਹਿਲਾਵਾਂ ਨੂੰ ਪੰਚਾਇਤੀ ਅਤੇ ਸਥਾਨਕ ਸਰਕਾਰਾਂ ਦੀਆਂ ਚੋਣਾਂ ‘ਚ 50 ਫੀਸਦੀ ਰਾਖਵੇਂਕਰਨ ਨਾਲ ਮਹਿਲਾਵਾਂ ਨੂੰ ਜਨ ਪ੍ਰਤੀਨਿਧਤਾ ਦੇ ਖੇਤਰ ‘ਚ ਵੀ ਆਪਣੀ ਸਰਗਰਮ ਭੂਮਿਕਾ ਨਿਭਾਉਣ ਦਾ ਮੌਕਾ ਪ੍ਰਦਾਨ ਕੀਤਾ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਇਸ ਤੋਂ ਇਲਾਵਾ ਸਾਡੀਆਂ ਬੇਟੀਆਂ ਨੂੰ ਸਰਕਾਰੀ ਨੌਕਰੀਆਂ ‘ਚ 33 ਫੀਸਦੀ ਰਾਖਵਾਂ ਕਰਨ ਦੇ ਕੇ ਰੋਜ਼ਗਾਰ ਦੇ ਮੌਕੇ ਪ੍ਰਦਾਨ ਕੀਤੇ।
ਪ੍ਰਨੀਤ ਕੌਰ ਨੇ ਹੋਰ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਡੀਆਂ ਬੇਟੀਆਂ ਨੂੰ ਉਸ ਸਮੇਂ ਸਮਾਰਟ ਮੋਬਾਇਲ ਫੋਨ ਪ੍ਰਦਾਨ ਕੀਤੇ ਜਦੋਂ ਕੋਵਿਡ ਮਹਾਂਮਾਰੀ ਦੇ ਭਿਆਨਕ ਸਮੇਂ ‘ਚ ਸਕੂਲ ਬੰਦ ਹੋਣ ਕਰਕੇ ਵਿਦਿਆਰਥੀਆਂ ਦੀ ਪੜ੍ਹਾਈ ਪ੍ਰਭਾਵਤ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਦੀਆਂ 12ਵੀਂ ਕਲਾਸ ਦੀਆਂ 6742 ਵਿਦਿਆਰਥਣਾਂ ਨੂੰ ਸਮਾਰਟ ਫ਼ੋਨ ਪ੍ਰਦਾਨ ਕੀਤੇ ਗਏ ਹਨ।
ਸਮਾਰਟ ਫ਼ੋਨ ਪ੍ਰਾਪਤ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਪਟਿਆਲਾ ਦੀ ਵਿਦਿਆਰਥਣ ਜਸਲੀਨ ਕੌਰ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਕਿਹਾ ਕਿ 12ਵੀਂ ਕਲਾਸ ਵਿਦਿਆਰਥੀ ਜੀਵਨ ‘ਚ ਅਹਿਮ ਸਥਾਨ ਰੱਖਦੀ, ਜੋ ਵਿਦਿਆਰਥੀ ਦੇ ਜੀਵਨ ਨੂੰ ਦਿਸ਼ਾ ਪ੍ਰਦਾਨ ਕਰਦੀ ਹੈ, ਪਰ ਕੋਵਿਡ-19 ਕਾਰਨ ਹੋਏ ਲਾਕਡਾਊਨ ਕਰਕੇ ਸਿੱਖਿਆ ਵਿਭਾਗ ਵੱਲੋਂ ਆਨ-ਲਾਈਨ ਪੜਾਈ ਸ਼ੁਰੂ ਕੀਤੀ ਗਈ ਸੀ ਇਸ ਔਖੀ ਘੜੀ ‘ਚ ਸਮਾਰਟ ਫ਼ੋਨ ਨਾ ਹੋਣ ਕਾਰਨ ਕਲਾਸ ਲਗਾਉਣ ‘ਚ ਮੁਸ਼ਕਲ ਦਾ ਹੱਲ ਵੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਢਕੇ 12ਵੀਂ ਕਲਾਸ ਦੇ ਸਾਰੇ ਵਿਦਿਆਰਥੀਆਂ ਨੂੰ ਸਮਾਰਟ ਫ਼ੋਨ ਦੇਕੇ ਪੜਾਈ ਪੱਖੋਂ ਜ਼ਿੰਦਗੀ ਦੇ ਸਭ ਤੋਂ ਮਹੱਤਵਪੂਰਨ ਸਾਲ ਨੂੰ ਸਹੀ ਦਿਸ਼ਾ ਪ੍ਰਦਾਨ ਕੀਤੀ ਹੈ।
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਹਾਦਰਗੜ੍ਹ ਦੀ ਵਿਦਿਆਰਥਣ ਰੁਪਿੰਦਰ ਕੌਰ ਨੇ ਕਿਹਾ ਕਿ ਸਾਇੰਸ ਸਟਰੀਮ ਹੋਣ ਕਰਕੇ ਅਧਿਆਪਕਾਂ ਪਾਸੋਂ ਸਮੇਂ-ਸਮੇਂ ਪੜਾਈ ਸਬੰਧੀ ਸ਼ੰਕੇ ਦੂਰ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਹੀ ਸਮੇਂ ਪ੍ਰਦਾਨ ਕੀਤੇ ਗਏ ਸਮਾਰਟ ਫ਼ੋਨ ਸਹਾਈ ਸਿੱਧ ਹੋ ਰਹੇ ਹਨ। ਦੋਵਾਂ ਵਿਦਿਆਰਥਣਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਆਪਣੇ ਘਰ ਦੇ ਹਾਲਾਤ ਕਰਕੇ ਸਮਾਰਟ ਮੋਬਾਇਲ ਫੋਨ ਹਾਸਲ ਕਰਨਾ ਸੁਖਾਲਾ ਨਹੀਂ ਸੀ ਪਰੰਤੂ ਸਰਕਾਰ ਵੱਲੋਂ ਮਿਲੇ ਫੋਨਾਂ ਨੇ ਜਿੱਥੇ ਉਨ੍ਹਾਂ ਦੀ ਪੜ੍ਹਾਈ ‘ਚ ਅਹਿਮ ਬਦਾਲਾਓ ਲਿਆਂਦਾ ਹੈ, ਉਥੇ ਹੀ ਇਨ੍ਹਾਂ ਫੋਨਾਂ ਦੀ ਬਦੌਲਤ ਉਨ੍ਹਾਂ ਲਈ ਆਪਣਾ ਕੈਰੀਅਰ ਚੁਨਣ ਲਈ ਵੀ ਸੁਖਾਲਾ ਹੋ ਗਿਆ ਹੈ।
ਫਾਇਲ ਫੋਟੋ: ਵਿਦਿਆਰਥਣ ਸਮਾਰਟ ਫੋਨ ਪ੍ਰਾਪਤ ਕਰਨ ਤੋਂ ਬਾਅਦ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ।