ਬਰਨਾਲਾ, 30 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਜਿੰਦਲ ਦੀ ਪ੍ਰਧਾਨਗੀ ਹੇਠ ਅੱਜ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਟੇਟ ਬੈਂਕ ਆਫ਼ ਇੰਡੀਆ, ਲੀਡ ਬੈਂਕ ਬਰਨਾਲਾ ਦੀ 53ਵੀਂ ਤਿਮਾਹੀ ਮਾਰਚ–2020 ਦੀ ਜ਼ਿਲ੍ਹਾ ਸਲਾਹਕਾਰ ਕਮੇਟੀ, ਜ਼ਿਲ੍ਹਾ ਸਲਾਹਕਾਰ ਰੀਵਿਊ ਅਤੇ ਜ਼ਿਲ੍ਹਾ ਪੱਧਰੀ ਸਕਿਊਰਟੀ ਕਮੇਟੀ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵੱਲੋਂ ਤਿਮਾਹੀ ਮਾਰਚ 2020 ਦੀ ਕਰਜ਼ਾ ਯੋਜਨਾ ਅਧੀਨ ਕਰਜ਼ਿਆਂ ਦੀ ਵੰਡ ਅਤੇ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ।
ਮੈਨੇਜਰ ਲੀਡ ਬੈਂਕ ਬਰਨਾਲਾ ਸ੍ਰੀ ਮਹਿੰਦਰ ਪਾਲ ਗਰਗ ਨੇ ਮੀਟਿੰਗ ਦੌਰਾਨ ਦੱਸਿਆ ਕਿ ਸਾਲ 2019-20 (ਤਿਮਾਹੀ ਮਾਰਚ 2020) ਵਿੱਚ ਬੈਂਕਾਂ ਨੇ ਤਰਜੀਹੀ ਖੇਤਰ ’ਚ ਕਰੀਬ 3728 ਕਰੋੜ ਦੇ ਕਰਜੇ ਵੰਡੇ, ਜਿਸ ਵਿੱਚ ਸਭ ਤੋਂ ਜਿਆਦਾ ਖੇਤੀਬਾੜੀ ਦੇ ਖੇਤਰ ਵਿੱਚ 2760 ਕਰੋੜ ਰੁਪਏ ਦੇ ਕਰਜੇ ਵੰਡੇ। ਬਰਨਾਲਾ ਜ਼ਿਲ੍ਹੇ ਦੇ ਬੈਂਕਾਂ ਦੀ ਸੀ.ਡੀ. ਰੇਸ਼ੋ 73.51 ਫੀਸਦੀ ਹੈ, ਜਿਹੜੀ ਕਿ ਬੈਂਚ ਮਾਰਕਸ ਦੇ ਅਨੁਸਾਰ 60 ਫੀਸਦੀ ਹੋਣੀ ਜਰੂਰੀ ਹੈ।
ਇਸ ਤੋਂ ਇਲਾਵਾ ਬੈਂਕਾਂ ਦੀ ਸਕਿਊਰਟੀ ਮੀਟਿੰਗ ਦੌਰਾਨ ਏਡੀਸੀ ਨੇ ਆਖਿਆ ਕਿ ਸਾਰੇ ਬੈਂਕਾਂ ਵਿਚ ਸੀਸੀਟੀਵੀ ਕੈਮਰੇ ਲੱਗਣੇ ਜ਼ਰੂਰੀ ਹਨ ਅਤੇ ਨਾਲ ਹੀ ਸਕਿਉਰਿਟੀ ਗਾਰਡ ਤੋਂ ਸੁਰੱਖਿਆ ਤੋਂ ਬਿਨਾਂ ਕੋਈ ਹੋਰ ਕੰਮ ਨਾ ਲਿਆ ਜਾਵੇ। ਉਨ੍ਹਾਂ ਆਖਿਆ ਕਿ ਸਮੂਹ ਬੈਂਕਾਂ ਦੇ ਅੰਦਰ-ਬਾਹਰ, ਏ.ਟੀ.ਐਮਜ਼., ਅਤੇ ਕਰੰਸੀ ਚੈਸਟ ਤੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਚਾਲੂ ਹਾਲਤ ’ਚ ਰੱਖਿਆ ਜਾਵੇ।
ਇਸ ਤੋਂ ਇਲਾਵਾ ਐਲਡੀਐਮ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਸਕੀਮਾਂ ਅਧੀਨ ਡੇਅਰੀ, ਮੱਛੀ ਪਾਲਣ, ਪਸ਼ੂ ਪਾਲਣ ਆਦਿ ਤਹਿਤ ਸਾਰੇ ਪ੍ਰਾਰਥੀਆਂ ਨੂੰ 1-6-20 ਨੂੰ 31-7-20 ਤੱਕ ਦੋ ਮਹੀਨੇ ਵਿੱਚ ਕੇਸੀਸੀ ਜਾਰੀ ਕਰਨੇ ਹਨ। ਮੀਟਿੰਗ ਦੌਰਾਨ ਵੱਖ ਵੱਖ ਬੈੈਂਕਾਂ ਦੇ ਮੈਨੇਜਰ ਤੇ ਹੋਰ ਅਧਿਕਾਰੀ ਹਾਜ਼ਰ ਸਨ।