Web Desk- Harsimranjit Kaur
ਫਿਰੋਜ਼ਪੁਰ,13 ਅਕਤੂਬਰ ( ਸੰਦੀਪ ਟੰਡਨ )– ਫਾਜ਼ਿਲਕਾ ਰੋਡ ਤੇ ਪੈਂਦੇ ਪਿੰਡ ਖਾਈ ਫੇਮੇ ਕੀ ਵਿਖੇ ਇਕ ਬੱਚੇ ਨੂੰ ਅਗਵਾ ਕਰਨ ਦੇ ਦੋਸ਼ ਵਿਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਦੋ ਵਿਅਕਤੀਆਂ ਖਿਲਾਫ 365, 34 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਜੰਟ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਗਲੀ ਨੰਬਰ 5 ਗੁਰੂ ਕਿਰਪਾ ਕਾਲੋਨੀ ਸੀਡ ਫਾਰਮ ਥਾਣਾ ਸਿਟੀ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਨੇ ਦੱਸਿਆ ਕਿ ਉਹ ਆਪਣੀ ਪਤਨੀ ਸਿਮਰਨਪ੍ਰੀਤ ਕੌਰ ਤੇ ਬੱਚੇ ਅਰਮਾਨ ਸਿੰਘ (2 ਸਾਲ) ਨੂੰ ਨਾਲ ਲੈ ਕੇ ਆਪਣੇ ਦੋਸਤ ਦੀ ਕਾਰ ਮੰਗ ਕੇ ਆਪਣੇ ਸਹੁਰੇ ਘਰ ਮਿਲਣ ਲਈ ਮਿਤੀ 8 ਅਕਤੂਬਰ 2021 ਨੂੰ ਆਇਆ ਸੀ ਤੇ ਮਿਤੀ 9 ਅਕਤੂਬਰ 2021 ਨੁੰ ਕਰੀਬ ਸ਼ਾਮ ਸਾਢੇ 4 ਵਜੇ ਨੂੰ ਵਾਪਸ ਆਪਣੇ ਘਰ ਜਾ ਰਿਹਾ ਸੀ, ਜਦ ਉਹ ਬੱਸ ਅੱਡਾ ਖਾਈ ਫੇਮੇ ਕੀ ਪੁੱਜਾ ਤਾਂ ਖਾਈ ਅੱਡੇ ਤੋਂ ਮੈਡੀਕਲ ਸਟੋਰ ਤੋਂ ਦਵਾਈ ਤੇ ਬੱਚੇ ਲਈ ਕੁਝ ਖਾਣ ਲਈ ਰੁਕਿਆ ਤੇ ਸਿਮਰਨਪ੍ਰੀਤ ਕੌਰ ਵੀ ਬੱਚੇ ਸਮੇਤ ਕਾਰ ਤੋਂ ਬਾਹਰ ਆ ਗਈ ਤੇ ਇਕ ਸਾਈਡ ਤੇ ਖੜ ਗਈ ਉਦੋਂ ਫਿਰੋਜ਼ਪੁਰ ਸਾਈਡ ਤੋਂ ਇਕ ਕਾਰ ਆਈ ਜਿਸ ਵਿਚੋਂ ਦੋ ਲੜਕੇ ਮੁੱਲਾ ਫੈਸ਼ਨ ਤੇ ਦੂਜੇ ਨੇ ਕੇਸ ਦਾੜੀ ਰੱਖੇ ਹੋਏ ਸਨ ਜਿਨ੍ਹਾਂ ਨੂੰ ਸਿਮਰਨਪ੍ਰੀਤ ਕੌਰ ਕੋਲੋਂ ਅਰਮਾਨ ਸਿੰਘ ਨੂੰ ਧੱਕੇ ਨਾਲ ਖਿੱਚ ਕੇ ਗੱਡੀ ਵਿਚ ਸੁੱਟ ਲਿਆ ਤੇ ਫਿਰੋਜ਼ਪੁਰ ਸਾਈਡ ਨੂੰ ਗੱਡੀ ਭਜਾ ਕੇ ਲੈ ਗਏ।
ਗੁਰਜੰਟ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਗੱਡੀ ਕਰੇਟਾ ਦਾ ਨੰਬਰ ਪੀਬੀ 05 ਏਐੱਨ 9495 ਨੋਟ ਕਰ ਲਿਆ ਗਿਆ ਹੈ। ਉਨ੍ਹਾਂ ਵੱਲੋਂ ਬਾਅਦ ਵਿਚ ਪੜਤਾਲ ਕਰਨ ਤੇ ਦੋਸ਼ੀਅਨ ਜਗਰੂਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਉਰਫ ਕਾਲਾ ਵਾਸੀ ਪਿੰਡ ਕੁਤਬਦੀਨ ਵਾਲਾ ਅਤੇ ਤੀਰਥ ਸਿੰਘ ਪੁੱਤਰ ਸ਼ਿੰਦਰ ਸਿੰਘ ਵਾਸੀ ਪਿੰਡ ਫੱਤੇਵਾਲਾ ਦੇ ਨਾਮ ਪਤਾ ਲੱਗੇ ਹਨ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ‘ਤੇ ਉਕਤ ਦੋਸ਼ੀਅਨ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।