ਨੂਰਪੁਰ ਬੇਦੀ, 8 ਸਤੰਬਰ (ਬਲਜਿੰਦਰ ਸਿੱਧੂ)- ਸੀ.ਐਚ.ਸੀ ਸਿੰਘਪੁਰ ਵਿਖੇ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਵਿਸ਼ੇਸ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਰੂਪਨਗਰ ਤੋਂ ਅੱਖਾਂ,ਕੰਨਾਂ,ਦਿਮਾਗ, ਹੱਡੀਆ ਦੇ ਮਾਹਿਰ ਡਾਕਟਰਾਂ ਨੇ ਮੌਕੇ ਤੇ ਹੀ ਚੈਕਅਪ ਕੀਤਾ ਅਤੇ ਰਜਿਸਟ੍ਰੇਸ਼ਨ ਕੀਤੀ।
ਇਹ ਜਾਣਕਾਰੀ ਡਾ.ਵਿਧਾਨ ਚੰਦਰ ਸੀਨੀਅਰ ਮੈਡੀਕਲ ਅਫਸਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕਰਕੇ ਉਨ੍ਹਾਂ ਦੀ ਅਸਮਰੱਥਾ ਮੁਤਾਬਿਕ ਸਰਟੀਫਿਕੇਟ ਜਾਰੀ ਕੀਤੇ ਜਾਂਦੇ ਹਨ। ਜਿਸ ਦੇ ਲਈ ਵਿਅਕਤੀ ਨੂੰ ਸਬੰਧਿਤ ਮਾਹਰ ਡਾਕਟਰ ਤੋਂ ਆਪਣਾ ਚੈਕਅਪ ਕਰਵਾ ਕੇ ਟੈਸਟ ਰਿਪੋਰਟ ਲਈ ਜਾਂਦੀ ਹੈ। ਜਿਸ ਦੇ ਅਧਾਰ ਤੇ ਉਸ ਦਾ ਸਿਹਤ ਵਿਭਾਗ ਵਲੋਂ ਸਿਵਲ ਸਰਜਨ ਰਾਹੀ ਸਰਟੀਫਿਕੇਟ ਬਣਾਇਆ ਜਾਂਦਾ ਹੈ, ਜੋ ਉਸ ਦੇ ਦਿਵਿਆਂਗ ਹੋਣ ਨੂੰ ਤਸਦੀਕ ਕਰਦਾ ਹੈ ਅਤੇ ਦਿਵਿਆਂਗ ਵਿਅਕਤੀ ਸਰਕਾਰ ਦੀਆਂ ਵੱਖ ਵੱਖ ਯੋਜਨਾਵਾਂ ਦਾ ਲਾਭ ਲੈ ਸਕਦਾ ਹੈ। ਮੋਜੂਦਾ ਹਾਲਾਤ ਵਿਚ ਇਸ ਲਈ ਯੂ.ਡੀ.ਆਈ.ਡੀ ਕਾਰਡ ਬਣਾਉਣ ਦੀ ਵਿਵਸਥਾ ਕੀਤੀ ਗਈ ਹੈ, ਜੋ ਕਿ ਆਨਲਾਈਨ ਵੀ ਉਪਲੱਬਧ ਹੈ। ਦਿਵਿਆਂਗ ਵਿਅਕਤੀਆਂ ਨੂੰ ਸਹੂਲਤਾ ਦੇਣ ਲਈ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਨੂੰ ਨਿਰਦੇਸ਼ ਦਿੱਤੇ ਗਏ ਹਨ, ਕਿ ਉਨ੍ਹਾਂ ਦੇ ਦਿਵਿਆਂਗਤਾ ਨੂੰ ਪ੍ਰਮਾਣਿਤ ਕਰਦੇ ਸਰਟੀਫਿਕੇਟ ਵਿਸ਼ੇਸ ਕੈਂਪ ਲਗਾ ਕੇ ਉਨ੍ਹਾਂ ਦੇ ਘਰਾਂ ਦੇ ਨੇੜੇ ਦੇ ਸਿਹਤ ਕੇਂਦਰਾਂ ਵਿਚ ਬਣਾਏ ਜਾਣ ਤਾ ਜੌ ਉਨ੍ਹਾਂ ਨੂੰ ਬੇਲੋੜੀ ਖੱਜਲ ਖੁਆਰੀ ਤੋ ਵੀ ਬਚਾਇਆ ਜਾ ਸਕੇ। ਅੱਜ ਦੇ ਇਸ ਕੈਂਪ ਵਿਚ 70 ਤੋ ਵੱਧ ਦਿਵਿਆਂਗ ਵਿਅਕਤੀਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ ਜਿਨ੍ਹਾ ਦਾ ਡਾਕਟਰਾਂ ਨੇ ਮੋਕੇ ਤੇ ਹੀ ਚੈਕਅਪ ਕਰਕੇ ਰਿਪੋਰਟ ਤਿਆਰ ਕੀਤੀ।ਇਸ ਮੋਕੇ ਮਾਹਰ ਡਾਕਟਰਾਂ ਨੇ ਕਰੋਨਾ ਤੋ ਬਚਣ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਸਭ ਨੂੰ ਹਦਾਇਤਾ ਦੀ ਪਾਲਣਾ ਯਕੀਨੀ ਕਰਨ ਲਈ ਕਿਹਾ।ਇਸ ਮੋਕੇ ਡਾ.ਨੂਪਰ ਈਐੱਨਟੀ ਮਾਹਿਰ, ਡਾ.ਯੁਵਰਾਜ ਸਿੰਘ ਹੀਰਾ ਹੱਡੀਆਂ ਦੇ ਮਾਹਰ, ਡਾ.ਰਾਜਨ ਸ਼ਾਸਤਰੀ, ਡਾ.ਗਿਰਾ ਆਦਿ ਹਾਜਰ ਸਨ।