ਤਰਨਤਾਰਨ, 23 ਸਤੰਬਰ (ਰਣਬੀਰ ਸਿੰਘ) : ਜ਼ਿਲ੍ਹਾ ਤਰਨਤਾਰਨ ਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਬੀਤੀ ਰਾਤ 3 ਵਿਅਕਤੀਆਂ ਨੂੰ ਭਾਰਤ-ਪਾਕਿਸਤਾਨ ਸਰਹੱਦ ਨੇੜੇ ਲੱਗਦੇ ਪਿੰਡ ਭਗਵਾਨਪੁਰਾ ਤੋਂ ਨਾਕੇ ਦੌਰਾਨ ਗ੍ਰਿਫ਼ਤਾਰ ਕਰਨ ‘ਚ ਸਫ਼ਲਤਾ ਹਾਸਿਲ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਫੜੇ ਗਏ ਵਿਅਕਤੀਆਂ ਪਾਸੋਂ ਇੱਕ ਸਵਿੱਫਟ ਕਾਰ,ਪਿਸਤੌਲ, 11 ਕਾਰਤੂਸ, ਹੈਂਡ ਗ੍ਰਨੇਡ ਅਤੇ ਆਈ. ਈ. ਡੀ. ਵਿਸਫੋਟਕ ਵਾਲਾ ਪਦਾਰਥ ਬਰਾਮਦ ਕੀਤਾ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ 3 ਵਿਅਕਤੀ ਜ਼ਿਲ੍ਹਾ ਮੋਗਾ ਨਾਲ ਸਬੰਧਿਤ ਦੱਸੇ ਜਾ ਰਹੇ ਹਨ ਅਤੇ ਇਹਨਾ ਦੀ ਉਮਰ ਵੀ ਛੋਟੀ ਦੱਸੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਦੇ ਸਬੰਧ ਵਿਦੇਸ਼ ਵਿਚ ਬੈਠੀਆਂ ਦੇਸ਼ ਵਿਰੋਧੀ ਤਾਕਤਾਂ ਨਾਲ ਦੱਸੇ ਜਾ ਰਹੇ ਹਨ। ਜਿਕਰਯੋਗ ਹੈ ਕਿ ਫੜੇ ਗਏ 3 ਵਿਅਕਤੀਆਂ ਵੱਲੋਂ ਇਹ ਬੰਬ ਅਤੇ ਅਸਲਾ ਪੰਜਾਬ ਦੇ ਕਿਸ ਹਿੱਸੇ ਨੂੰ ਦਹਿਲਾਉਣ ਲਈ ਵਰਤਿਆ ਜਾਣਾ ਸੀ। ਉੱਥੇ ਹੀ ਭਾਰਤ ਦੇ ਖੁਫ਼ੀਆ ਵਿਭਾਗ ਵੱਲੋਂ ਇਸ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਛਗਿੱਛ ਦੌਰਾਨ ਹੋਰ ਅਸਲਾ ਬਰਾਮਦ ਹੋ ਸਕਦਾ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ ਪ੍ਰੰਤੂ ਜਲਦ ਹੀ ਪੁਲਿਸ ਇਸ ਬਾਬਤ ਪ੍ਰੈੱਸ ਕਾਨਫਰੰਸ ਕਰ ਸਕਦੀ ਹੈ। –

