2573 ਲਿਟਰ ਲਾਹਨ ਤੇ 148 ਲੀਟਰ ਨਾਜਾਇਜ਼ ਸ਼ਰਾਬ ਕੀਤੀ ਗਈ ਬਰਾਮਦ: ਜ਼ਿਲਾ ਪੁਲਿਸ ਮੁਖੀ
ਬਰਨਾਲਾ, 10 ਅਗਸਤ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਦੀ ਨਸ਼ਿਆਂ ਵਿਰੋਧੀ ਮੁਹਿੰਮ ਤਹਿਤ ਬਰਨਾਲਾ ਪੁਲਿਸ ਵੱਲੋਂ 118 ਮੁਲਜ਼ਮਾਂ ਖ਼ਿਲਾਫ਼ 117 ਪਰਚੇ ਦਰਜ ਕੀਤੇ ਗਏ ਹਨ ਅਤੇ 2573 ਲੀਟਰ ਲਾਹਨ, 148 ਲੀਟਰ ਨਾਜਾਇਜ਼ ਸ਼ਰਾਬ ਬਰਾਮਦ ਕਰਨ ਦੇ ਨਾਲ ਨਾਲ 18 ਗੱਡੀਆਂ ਅਤੇ 6 ਚਾਲੂ ਹਾਲਤ ’ਚ ਭੱਠੀਆਂ ਬਰਾਮਦ ਕੀਤੀਆਂ ਗਈਆਂ ਹਨ। ਪੁਲਿਸ ਵੱਲੋਂ ਇਹ ਸਾਰੀ ਬਰਾਮਦਗੀ ਲਾਕਡਾਊਨ ਦੇ ਸਮੇਂ ਦੌਰਾਨ 22 ਮਾਰਚ ਤੋਂ ਲੈ ਕੇ ਹੁਣ ਤੱਕ ਕੀਤੀ ਗਈ ਹੈ।
ਇਹ ਜਾਣਕਾਰੀ ਦਿੰਦਿਆਂ ਜ਼ਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੇ ਦੌਰ ’ਚ ਵੀ ਬਰਨਾਲਾ ਪੁਲਿਸ ਨੇ ਆਪਣੇ ਫਰਜ਼ ਪ੍ਰਤੀ ਵਚਨਬੱਧਤਾ ਕਾਇਮ ਰੱਖੀ ਅਤੇ ਆਪਣੀਆਂ ਸੇਵਾਵਾਂ ਬਹੁਤ ਹੀ ਸੁਚੱਜੇ ਢੰਗ ਨਾਲ ਨਿਭਾਈਆਂ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਆਪਣੀ ਜ਼ੀਰੋ ਟੌਲਰੈਂਸ ਨੀਤੀ ਤਹਿਤ ਬਰਨਾਲਾ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਜੰਗ ਛੇੜੀ ਗਈ ਹੈ।
ਵਧੇਰੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਮਾਰਚ ਦੇ ਪਿਛਲੇ ਹਫਤੇ ਤੋਂ ਲੈ ਕੇ ਲਾਕਡਾਊਨ ਸਮੇਂ ’ਚ ਹੁਣ ਤਕ ਬਰਨਾਲਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵੱਡੀਆਂ ਬਰਾਮਦਗੀਆਂ ਕੀਤੀਆਂ ਗਈਆਂ ਹਨ। ਉਨਾਂ ਦੱਸਿਆ ਕਿ 22 ਮਾਰਚ ਤੋਂ ਲੈ ਕੇ 31 ਮਾਰਚ ਤੱਕ 4 ਮੁਲਜ਼ਮਾਂ ਨੂੰ 3 ਕੇਸਾਂ ’ਚ ਗਿ੍ਰਫ਼ਤਾਰ ਕਰਕੇ 7.5 ਲੀਟਰ ਨਾਜਾਇਜ਼ ਸ਼ਰਾਬ ਫੜੀ ਗਈ ਅਤੇ ਨਾਲ ਹੀ 1 ਗੱਡੀ ਬਰਾਮਦ ਕੀਤੀ ਗਈ। ਇਸੇ ਤਰਾਂ ਅਪ੍ਰੈਲ ਮਹੀਨੇ ’ਚ 20 ਮੁਲਜ਼ਮਾਂ ਨੂੰ 19 ਕੇਸਾਂ ’ਚ ਗਿ੍ਰਫ਼ਤਾਰ ਕੀਤਾ ਗਿਆ ਅਤੇ ਨਾਲ ਹੀ 1.125 ਲੀਟਰ ਨਾਜਾਇਜ਼ ਸ਼ਰਾਬ, 415 ਲੀਟਰ ਲਾਹਨ, 2 ਗੱਡੀਆਂ ਅਤੇ 1 ਨਾਜਾਇਜ਼ ਭੱਠੀ ਬਰਾਮਦ ਕੀਤੀ ਗਈ। ਮਈ ਦੇ ਮਹੀਨੇ ’ਚ 30 ਮੁਲਜ਼ਮਾਂ ਨੂੰ 30 ਕੇਸਾਂ ’ਚ ਗਿ੍ਰਫ਼ਤਾਰ ਕੀਤਾ ਗਿਆ। ਨਾਲ ਹੀ 1795 ਲੀਟਰ ਜਾਇਜ਼/ਸਮੱਗਲਰ ਸ਼ਰਾਬ, 36 ਲੀਟਰ ਨਾਜਾਇਜ਼ ਸ਼ਰਾਬ, 603 ਲੀਟਰ ਲਾਹਨ, 5 ਗੱਡੀਆਂ ਅਤੇ 1 ਨਾਜਾਇਜ਼ ਭੱਠੀ ਬਰਾਮਦ ਕੀਤੀ ਗਈ। ਜੂਨ ਮਹੀਨੇ ਵਿਚ ਸਭ ਤੋਂ ਵੱਧ 27 ਮੁਕੱਦਮੇ ਦਰਜ ਕੀਤੇ ਗਏ ਅਤੇ 27 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ। ਨਾਲ ਹੀ ਪੁਲਿਸ ਵਲੋਂ 852 ਲੀਟਰ ਜਾਇਜ਼ ਸ਼ਰਾਬ, 56 ਲੀਟਰ ਨਾਜਾਇਜ਼ ਸ਼ਰਾਬ, 1050 ਲੀਟਰ ਲਾਹਨ, 5 ਗੱਡੀਆਂ ਅਤੇ 3 ਨਾਜਾਇਜ਼ ਭੱਠੀਆਂ ਵੀ ਬਰਾਮਦ ਕੀਤੀਆਂ ਗਈਆਂ।
ਜੁਲਾਈ ਦੇ ਮਹੀਨੇ ’ਚ ਪੁਲਿਸ ਵਲੋਂ 29 ਮੁਕੱਦਮੇ ਦਰਜ ਕਰਕੇ 28 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਤੇ 1350 ਲੀਟਰ ਜਾਇਜ਼ ਸ਼ਰਾਬ, 46 ਲਿਟਰ ਨਾਜਾਇਜ਼ ਸ਼ਰਾਬ ਅਤੇ 260 ਲੀਟਰ ਲਾਹਨ ਫੜੀ ਗਈ। ਇਸ ਦੇ ਨਾਲ ਹੀ ਪੁਲਿਸ ਵਲੋਂ 5 ਗੱਡੀਆਂ ਅਤੇ 1 ਭੱਠੀ ਵੀ ਬਰਾਮਦ ਕੀਤੀ ਗਈ। ਇਸੇ ਤਰਾਂ ਅਗਸਤ ਦੇ ਮਹੀਨੇ ’ਚ 5 ਅਗਸਤ ਤੱਕ 9 ਮੁਕੱਦਮੇ ਦਰਜ ਕਰਕੇ 9 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਅਤੇ 621 ਲੀਟਰ ਸ਼ਰਾਬ, 245 ਲੀਟਰ ਲਾਹਨ ਤੇ 1 ਗੱਡੀ ਬਰਾਮਦ ਕੀਤੀ ਗਈ।