ਮਿਸ਼ਨ ਫਤਿਹ ਤਹਿਤ ਸਟਾਫ ਨੂੰ ਕੋਵਾ ਐਪ ਡਾਊਨਲੋਡ ਕਰਨ ਦਾ ਸੱਦਾ
ਬਰਨਾਲਾ, 25 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਫੀਲਡ ਵਿੱਚ ਜਾਣ ਵਾਲਾ ਸਟਾਫ ਕਿਸਾਨਾਂ ਦੀਆਂ ਮੁਸ਼ਕਲਾਂ ਸਮੇਂ ਸਮੇਂ ’ਤੇ ਸੁਣ ਕੇ ਛੇਤੀ ਤੋਂ ਛੇਤੀ ਨਿਬੇੜੇ ਲਈ ਯਤਨ ਕਰੇ। ਇਹ ਪ੍ਰਗਟਾਵਾ ਜ਼ਿਲ੍ਹਾ ਸਿਖਲਾਈ ਅਫਸਰ ਡਾ. ਚਰਨਜੀਤ ਸਿੰਘ ਕੈਂਥ ਨੇ ਆਤਮਾ ਸਟਾਫ ਦੀ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਉਨ੍ਹਾਂ ਫਸਲੀ ਵਿਭਿੰਨਤਾ ਤਹਿਤ ਝੋਨੇ ਹੇਠੋਂ ਰਕਬਾ ਘਟਾ ਕੇ ਮੱਕੀ ਅਤੇ ਨਰਮੇ ਹੇਠ ਲਿਆਉਣ ਲਈ ਕੀਤੇ ਜਾ ਰਹੇ ਕੰਮਾਂ ਦਾ ਜਾਇਜ਼ਾ ਲਿਆ ਅਤੇ ਉਨ੍ਹਾਂ ਸਮੂਹ ਆਤਮਾ ਸਟਾਫ ਨੂੰ ਹਦਾਇਤ ਕੀਤੀ ਕਿ ਸਮੂਹ ਸਟਾਫ ਫੀਲਡ ਵਿੱਚ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੌਕੇ ’ਤੇ ਹੀ ਨਿਪਟਾਰਾ ਕਰਨਾ ਯਕੀਨੀ ਬਣਾਉਣ।
ਉਨ੍ਹਾਂ ਆਤਮਾ ਸਕੀਤ ਤਹਿਤ ਵੱਖ ਵੱਖ ਫਸਲਾਂ ਲਈ ਲਗਾਏ ਗਏ ਪ੍ਰਦਰਸ਼ਨੀਆਂ ਪਲਾਟਾਂ ਬਾਰੇ ਜਾਣਿਆ। ਉਨ੍ਹਾਂ ਕਿਹਾ ਕਿ ਇਸ ਬਾਰੇ ਪੂਰੀ ਜਾਣਕਾਰੀ ਅਤੇ ਪੂਰਾ ਰਿਕਾਰਡ ਰੱਖਣ ਤਾਂ ਜੋ ਕਿਸੇ ਵੀ ਸਮੇਂ ਉੱਚ ਅਧਿਕਾਰੀਆਂ ਵੱਲੋਂ ਦੌਰਾ ਕਰਨ ’ਤੇ ਉਨ੍ਹਾਂ ਨੂੰ ਉਹ ਪ੍ਰਦਰਸ਼ਨੀ ਪਲਾਟ ਦਿਖਾਏ ਜਾ ਸਕਣ। ਇਸ ਤੋਂ ਇਲਾਵਾ ਮਿਸ਼ਨ ਫਤਿਹ ਤਹਿਤ ਸਮੂਹ ਸਟਾਫ ਵੱਲੋਂ ਮੋਬਾਇਲ ਫੋਨ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ ਤੇ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਵੱਧ ਕਿਸਾਨਾਂ ਨੂੰ ਪਿੰਡ ਪੱਧਰ ’ਤੇ ਮੀਟਿੰਗਾਂ ਕਰਕੇ ਖੇਤੀ ਸਕੀਮਾਂ ਬਾਰੇ ਜਾਗਰੁਕ ਕੀਤਾ ਜਾਵੇ।
ਇਸ ਮੌਕੇ ਰੁਪਿੰਦਰ ਕੌਰ, ਸੁਨੀਤਾ ਰਾਣੀ, ਜਸਵੀਰ ਕੌਰ, ਸਨਮਿੰਦਰ ਸਿੰਘ, ਕੁਲਵੀਰ ਸਿੰਘ, ਜਸਵਿੰਦਰ ਸਿੰਘ, ਸਤਨਾਮ ਸਿੰਘ, ਸੋਨੀ ਖਾਨ ਤੇ ਹੋਰ ਸਟਾਫ ਹਾਜ਼ਰ ਸੀ