ਆਸ਼ਾ ਵਰਕਰਾਂ ਵੱਲੋਂ ਕਰੋਨਾ ਵਾਇਰਸ ਵਿਰੁੱਧ ਘਰ ਘਰ ਸਰਵੇਖਣ
ਬਰਨਾਲਾ, 4 ਜੁਲਾਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਹਿ ਤਹਿਤ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਿਵਲ ਸਰਜਨ ਬਰਨਾਲਾ ਡਾ. ਗੁਰਿੰਦਰਬੀਰ ਸਿੰਘ ਦੀ ਅਗਵਾਈ ਹੇਠ ਜ਼ਿਲ੍ਹਾ ਬਰਨਾਲਾ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਵਸਨੀਕਾਂ ਨੂੰ ਕੋਵਿਡ-19 ਮਹਾਮਾਰੀ ਵਿਰੁੱਧ ਜਾਗਰੂਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਵੱੱਲੋਂ ਵੱਖ ਵੱਖ ਗਤੀਵਿਧੀਆਂ ਕੀਤੀਆਂ ਗਈਆਂ।
ਇਸ ਮੁਹਿੰਮ ਅਧੀਨ ਸਿਹਤ ਵਿਭਾਗ ਦੇ ਡਾਕਟਰਾਂ, ਅਧਿਕਾਰੀਆਂ ਤੇ ਕਰਮਚਾਰੀਆਂ ਨੇ ਜਿੱਥੇ ਜਾਗਰੂਕਤਾ ਗਤੀਵਿਧੀਆਂ ਨੂੰ ਹੁਲਾਰਾ ਦਿੱਤਾ, ਉਥੇ ਆਸ਼ਾ ਵਰਕਰਾਂ ਵੱਲੋਂ ਲੋਕਾਂ ਨੂੰ ਘਰ ਘਰ ਸਰਵੇਖਣ ਦੌਰਾਨ ਕਰੋਨਾ ਵਾਇਰਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਬਾਰੇ ਦੱਸਿਆ ਗਿਆ। ਇਸ ਮੌਕੇ ਦੱਸਿਆ ਗਿਆ ਕਿ ਘਰੋਂ ਬਾਹਰ ਜਾਣ ਸਮੇਂ ਮਾਸਕ ਪਾਇਆ ਜਾਵੇ, ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਪਾਣੀ ਨਾਲ ਧੋਤਾ ਜਾਵੇ ਅਤੇ ਆਪਸ ਵਿਚ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ। ਇਸ ਮੌਕੇ ਜ਼ਿਲ੍ਹਾ ਕਮਿਊਨਿਟੀ ਮੋਬਾਲਾਈਜ਼ਰ ਭੁਪਿੰਦਰ ਸਿੰਘ ਦੀ ਦੇਖ-ਰੇਖ ਵਿੱਚ ਆਸ਼ਾ ਵਰਕਰਾਂ ਵੱਲੋਂ ਘਰ ਘਰ ਜਾ ਕੇ ਖਾਂਸੀ, ਜੁਕਾਮ, ਬੁਖਾਰ ਆਦਿ ਲੱਛਣਾਂ ਬਾਰੇ ਸਰਵੇਖਣ ਕੀਤਾ ਗਿਆ।
ਇਸ ਦੌਬਾਨ ਮਿਸ਼ਨ ਫਤਹਿ ਅਧੀਨ ਸਿਹਤ ਵਿਭਾਗ ਦੇ ਕਰਮਚਾਰੀ ਵੱਲੋਂ ਦਫ਼ਤਰਾਂ, ਜਨਤਕ ਥਾਵਾਂ ਅਤੇ ਦੁਕਾਨਾਂ ’ਤੇ ਕਰੋਨਾ ਵਿਰੁੱਧ ਜਾਗਰੂਕਤਾ ਸਟੀਕਰ ਲਾਏ ਗਏ। ਜ਼ਿਲ੍ਹ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਵੱਲੋਂ ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜੈ ਭਾਸਕਰ ਅਤੇ ਨਹਿਰੂ ਯੁਵਾ ਕੇਂਦਰ ਬਰਨਾਲਾ ਦੇ ਜ਼ਿਲ੍ਹਾ ਕੋਆਰਡੀਨੇਟਰ ਮੈਡਮ ਪਰਮਜੀਤ ਕੌਰ ਦੇ ਸਹਿਯੋਗ ਨਾਲ ਵਲੰਟੀਅਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਬਰਨਾਲਾ, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਬਰਨਾਲਾ ਸ਼ਹਿਰ ਦੀਆਂ ਦੁਕਾਨਾਂ ਅੱਗੇ ਜਾਗਰੂਕਤਾ ਸਟੀਕਰ ਲਗਵਾਏ ਗਏ। ਇਸ ਮੌਕੇ ਵਲੰਟੀਅਰ ਹਰੀਸ਼ ਗੋਇਲ, ਲਵਪ੍ਰੀਤ ਸ਼ਰਮਾ, ਅਰਸ਼ਦੀਪ ਪੱਖੋ ਕਲਾਂ ਅਤੇ ਸੁਖਦੀਪ ਸਿੰਘ ਬੰਟੀ ਵੱਲੋਂ ਸਿਹਤ ਵਿਭਾਗ ਨੂੰ ਸਹਿਯੋਗ ਦਿੱਤਾ ਗਿਆ।