* ਫੈਕਟਰੀ ਮਾਲਕਾਂ ਅਤੇ ਸਰਕਾਰੀ ਤੰਤਰ ਦੀ ਮਿਲੀਭਗਤ ਤੋਂ ਬਿਨ੍ਹਾਂ ਸੰਭਵ ਨਹੀਂ ਸ਼ਰਾਬ ਦਾ ਗੋਰਖਧੰਦਾ- ਅਰੋੜਾ
ਸੁਨਾਮ ਊਧਮ ਸਿੰਘ ਵਾਲਾ, 19 ਮਈ (ਅਨਿਲ ਭਾਰਤੀ):
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਹਲਕਾ ਵਿਧਾਇਕ ਅਮਨ ਅਰੋੜਾ ਨੇ ਸ਼ਰਾਬ ਮਾਫੀਆ ਬਾਰੇ ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖ ਕੇ ਕਈ ਅਹਿਮ ਸੁਝਾਅ ਦਿੱਤੇ ਹਨ। ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਸੱਤਾਧਾਰੀ ਰਾਜਨੀਤਿਕਾਂ, ਸ਼ਰਾਬ ਫੈਕਟਰੀ ਮਾਲਕਾਂ ਅਤੇ ਸਰਕਾਰੀ ਤੰਤਰ ਦੀ ਉਚ ਪੱਧਰੀ ਮਿਲੀਭਗਤ ਤੋਂ ਬਿਨ੍ਹਾਂ ਸ਼ਰਾਬ ਦਾ ਗੋਰਖਧੰਦਾ ਸੰਭਵ ਨਹੀਂ।
ਅਮਨ ਅਰੋੜਾ ਨੇ ਆਖਿਆ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਕੋਲ ਆਬਕਾਰੀ ਵਿਭਾਗ ਦੀ ਵੀ ਜਿੰਮੇਵਾਰੀ ਹੈ, ਸ਼ਰਾਬ ਮਾਫੀਆ ਦਾ ਪਤਾ ਲਗਾਉਣ ਦੀ ਕਾਬਲੀਅਤ ਨਹੀਂ ਰੱਖਦੇ। ਉਹਨਾਂ ਮੰਗ ਕੀਤੀ ਕਿ ਕੈਪਟਨ ਅਮਰਿੰਦਰ ਸਿੰਘ ਰਾਜਨੀਤਿਕ ਪਾਰਟੀਆਂ ਨਾਲ ਸਬੰਧਤ ਵਿਧਾਇਕਾਂ ਦੀ ਇੱਕ ਸਾਂਝੀ ਜਾਂਚ ਕਮੇਟੀ ਦਾ ਗਠਨ ਕਰਨ, ਜੋ 15 ਦਿਨਾਂ ਦੇ ਅੰਦਰ-ਅੰਦਰ ਸ਼ਰਾਬ ਮਾਫੀਆ ਚਲਾ ਰਹੇ ਸਮੁੱਚੇ ਗਿਰੋਹ ਅਤੇ ਰਾਜਨੀਤਿਕ ਅਤੇ ਪ੍ਰਸ਼ਾਸ਼ਨਿਕ ਅਕਾਵਾਂ ਨੂੰ ਬੇਨਕਾਬ ਕਰ ਸਕਦੀ ਹੈ।
ਉਹਨਾਂ ਕਿਹਾ ਕਿ ਅਹਿਮ ਗੱਲ ਇਹ ਹੈ ਕਿ ਹੁਣ ਤੱਕ ਫੜੀਆਂ ਗਈਆਂ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਤੋਂ ਬਰਾਮਦ ਬਰਾਂਡ ਸਬੰਧੀ ਕਿਸੇ ਵੀ ਅਸਲੀ ਡਿਸਟਲਰੀ ਵਾਲੇ ਨੇ ਸ਼ਿਕਾਇਤ ਦਰਜ ਨਹੀਂ ਕਰਵਾਈ ਕਿ ਕੋਈ ਨਕਲੀ ਸ਼ਰਾਬ ਬਣਾ ਕੇ ਬਰਾਂਡ ਦਾ ਨੁਕਸਾਨ ਕਰ ਰਿਹਾ ਹੈ, ਇਸ ਪ੍ਰਤੀ ਉਹਨਾਂ ਦੀ ਚੁੱਪੀ ਆਪਣੇ ਆਪ ਵਿੱਚ ਕਾਫੀ ਕੁਝ ਬਿਆਨ ਕਰਦੀ ਹੈ ਅਤੇ ਨਾ ਹੀ ਹੁਣ ਤੱਕ ਆਬਕਾਰੀ ਵਿਭਾਗ ਨੇ ਇਸ ਪੱਖ ਤੋਂ ਕੋਈ ਜਾਂਚ ਕੀਤੀ ਹੈ।
ਆਪ ਵਿਧਾਇਕ ਅਮਨ ਅਰੋੜਾ ਨੇ ਸੁਝਾਅ ਦਿੰਦਿਆਂ ਕਿਹਾ ਕਿ ਜਿਸ ਵਿੱਚ ਪਹਿਲਾ ਨਜਾਇਜ਼ ਸ਼ਰਾਬ ਦੀਆਂ ਫੈਕਟਰੀਆਂ ਵਿੱਚ ਇਸਤੇਮਾਲ ਕੀਤਾ ਜਾਣ ਵਾਲਾ ਸਪਰਿੱਟ ਅਸਲੀ ਹੈ ਜਾਂ ਗੋਣ ਤੋਂ ਬਣਿਆ ਹੈ। ਦੂਜਾ, ਬਲੈਂਡ ਕਰਨ ਲਈ ਇਸਤੇਮਾਲ ਕੀਤਾ ਜਾਣ ਵਾਲਾ ਕੈਮੀਕਲ, ਕੇਰੋਮ ਬਾਹਰ ਖੁੱਲ੍ਹੀ ਮਾਰਕਿਟ ਵਿੱਚ ਨਹੀਂ ਵਿਕਦਾ ਕਿਉਂਕਿ ਇਹ ਕਿਸੇ ਹੋਰ ਕੰਮ ਨਹੀਂ ਆਉਂਦਾ। ਇਸਦੇ ਡਰੱਮ ਤੇ ਵਿਸ਼ੇਸ਼ ਕੋਡ ਹੁੰਦਾ ਹੈ ਜਿਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਡਰੱਮ ਕਿਸ ਡਿਸਟਲਰੀ ਨੂੰ ਸਪਲਾਈ ਕੀਤਾ ਗਿਆ ਹੈ ਅਤੇ ਫੈਕਟਰੀ ਤੋਂ ਬਾਹਰ ਕਿਵੇਂ ਆ ਗਿਆ?