ਬਰਨਾਲਾ, 26 ਜੂਨ (ਰਾਕੇਸ਼ ਗੋਇਲ/ਰਾਹੁਲ ਬਾਲੀ):- ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਏ ਮਿਸ਼ਨ ਫਤਿਹ ਤਹਿਤ ਅੱਜ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਤਹਿਤ ਨਸ਼ਿਆਂ ਵਿਰੋਧੀ ਗਤੀਵਿਧੀਆਂ ਕਰਾਈਆਂ ਗਈਆਂ।
ਇਸ ਮੌਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਸਕ ਵਿਚ ਡਿਪਟੀ ਕਮਿਸ਼ਨਰ ਸ੍ਰੀ ਫੂਲਕਾ ਦੀ ਅਗਵਾਈ ਹੇਠ ਸਾਰੇ ਸਟਾਫ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਮੁਹਿੰਮ ਤਹਿਤ ਉਪਰਾਲੇ ਕਰਨ ਦਾ ਪ੍ਰਣ ਲਿਆ ਗਿਆ। ਇਸ ਮੌਕੇ ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁੁਮਾਰ ਤੇ ਹੋਰ ਸਟਾਫ ਹਾਜ਼ਰ ਸੀ।
ਇਸ ਮੌਕੇ ਸ੍ਰੀ ਫੂਲਕਾ ਨੇ ਆਖਿਆ ਕਿ ਕੋਈ ਵੀ ਵਿਅਕਤੀ ਜੋ ਬੁਰੀ ਸੰਗਤ ਵਿੱਚ ਪੈ ਕੇ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ, ਉਹ ਆਪਣੀ ਸਿਹਤ ਨਾਲ ਤਾਂ ਖਿਲਵਾੜ ਕਰਦਾ ਹੀ ਹੈ, ਪਰ ਨਾਲ ਨਾਲ ਊਹ ਆਪਣੀ ਤੇ ਆਪਣੇ ਘਰ ਦੀ ਆਰਥਿਕ ਹਾਲਤ ਨੂੰ ਵੀ ਬਰਬਾਦ ਕਰਦਾ ਹੈ। ਇਸ ਲਈ ਨਸ਼ਿਆਂ ਤੋਂ ਦੂਰ ਰਿਹਾ ਜਾਵੇ ਅਤੇ ਦੂਜਿਆਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਸਿਹਤ ਵਿਭਾਗ ਦੇ ਮਾਸ ਮੀਡੀਆ ਵਿੰਗ ਵੱਲੋਂ ਵੀ ਸਿਵਲ ਸਰਜਨ ਡਾ. ਜੀ ਬੀ ਸਿੰਘ ਦੇ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਬਰਨਾਲਾ ਵਿਖੇ ਨਸ਼ਾ ਛੁਡਾਊ ਕੇਂਦਰ ’ਚ ਨਸ਼ਾ ਪੀੜਤਾਂ ਅਤੇ ਹੋਰ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ। ਇਸ ਮੌਕੇ ਮਾਨਸਿਕ ਰੋਗਾਂ ਦੇ ਮਾਹਿਰ ਡਾ. ਲਿਪਸੀ, ਜ਼ਿਲ੍ਹਾ ਮਾਸ ਮੀਡੀਆ ਅਫਸਰ ਪਵਨ ਕੁਮਾਰ, ਡਿਪਟੀ ਮਾਸ ਮੀਡੀਆ ਅਫਸਰ ਕੁਲਦੀਪ ਸਿੰਘ ਤੇ ਜ਼ਿਲ੍ਹਾ ਬੀਸੀਸੀ ਕੋਆਰਡੀਨੇਟਰ ਹਰਜੀਤ ਸਿੰਘ ਹਾਜ਼ਰ ਸਨ।
ਖੇਡ ਵਿਭਾਗ ਬਰਨਾਲਾ ਵੱਲੋਂ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਚੱਲ ਰਹੇ ਵੱਖ-ਵੱਖ ਕੋਚਿੰਗ ਸੈਂਟਰ ਅਤੇ ਸਬ-ਸੈਂਟਰਾਂ ਵਿਚ ਸਮੂਹ ਕੋਚਾਂ ਵੱਲੋਂ ਖਿਡਾਰੀਆਂ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਬਾਰੇ ਸੁਚੇਤ ਕੀਤਾ ਗਿਆ ਅਤੇ ਤੰਦਰੁਸਤ ਰਹਿਣ ਲਈ ਵੱਧ ਤੋਂ ਵੱਧ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਤੰਦਰੁਸਤ ਪੰਜਾਬ ਦੀ ਸਿਰਜਣਾ ਹੋ ਸਕੇ। ਇਸ ਮੌਕੇ ਜ਼ਿਲ੍ਹਾ ਖੇਡ ਅਫਸਰ ਬਲਵਿੰਦਰ ਸਿੰਘ ਅਤੇ ਸਮੂਹ ਕੋਚ ਹਾਜ਼ਰ ਸਨ।