ਬਰਨਾਲਾ, 28 ਮਈ (ਰਾਕੇਸ਼ ਗੋਇਲ/ਰਾਹੁਲ ਬਾਲੀ):- ਧਰਤੀ ਹੇਠਲੇ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਰਨਾਲਾ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਝੋਨਾ ਛੱਡ ਕੇ ਮੱਕੀ ਅਤੇ ਨਰਮੇ ਦੀ ਫਸਲ ਵੱਲ ਕਦਮ ਵਧਾਉਣ ਦੀਆਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਬੂਰ ਪੈਣ ਲੱਗਾ ਹੈ।
ਮੁੱਖ ਖੇਤੀਬਾੜੀ ਅਫਸਰ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਬਰਨਾਲਾ ਜ਼ਿਲੇ ਦੇ ਬਲਾਕ ਡਾਰਕ ਜ਼ੋਨ ਵਿੱਚ ਆ ਚੁੱਕੇ ਹਨ। ਇਸ ਸਮੱਸਿਆ ਬਾਰੇ ਕਿਸਾਨਾਂ ਨੂੰ ਜਾਣੂ ਕਰਵਾਉਣ ’ਤੇ ਕਿਸਾਨ ਨਰਮੇ/ਮੱਕੀ ਦੀ ਫਸਲ ਬੀਜਣ ਵੱਲ ਕਦਮ ਵਧਾ ਰਹੇ ਹਨ। ਇਸ ਕਦਮ ਨਾਲ ਕਰੋਨਾ ਮਹਾਮਾਰੀ ਕਾਰਨ ਝੋਨਾ ਲਗਾਉਣ ਲਈ ਆ ਰਹੀ ਲੇਬਰ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਬਹੁਤ ਕਿਸਾਨ ਨਰਮਾ/ਮੱਕੀ ਬੀਜ ਰਹੇ ਹਨ ਤੇ ਖੇਤੀਬਾੜੀ ਵਿਭਾਗ ਵੱਲੋਂ ਅਜਿਹੇ ਕਿਸਾਨਾਂ ਨਾਲ ਰਾਬਤਾ ਕਾਇਮ ਕਰ ਕੇ ਲਗਾਤਾਰ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਨੂੰ ਭਰੋਸਾ ਦਿਵਾਇਆ ਜਾ ਰਿਹਾ ਹੈ ਕਿ ਜੇਕਰ ਉਨ੍ਹਾਂ ਨੂੰ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਦਾ ਹੱਲ ਕਰਨ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸੀਜ਼ਨ ਵਿਚ ਹੁÎਣ ਤੱਕ ਜ਼ਿਲ੍ਹੇ ਵਿਚ ਨਰਮੇ ਹੇਠ 1162 ਹੈਕਟੇਅਰ ਅਤੇ ਮੱਕੀ ਹੇਠ 1246 ਹੈਕਟੇਅਰ ਰਕਬਾ ਆ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਨਰਮੇ ਦਾ ਰੁਝਾਨ ਵਧਿਆ ਹੈ, ਉਥੇ ਜ਼ਿਲ੍ਹੇ ਵਿਚ ਮੱਕੀ ਦੀ ਕਾਸ਼ਤ ਹੇਠ ਰਕਬਾ ਪਿਛਲੇ ਸਾਲ ਨਾਲੋਂ ਤੇਜ਼ੀ ਨਾਲ ਵਧਿਆ ਹੈ, ਜੋ ਫਸਲੀ ਵਿਭਿੰਨਤਾ ਦਾ ਸਬੂਤ ਹੈ।
ਇਸੇ ਤਹਿਤ ਮੁੱਖ ਖੇਤੀਬਾੜੀ ਅਫਸਰ ਬਰਨਾਲਾ ਵੱਲੋਂ ਪਿੰਡ ਹਰੀਗੜ੍ਹ ਵਿਖੇ ਕਿਸਾਨ ਦਰਸ਼ਨ ਸਿੰਘ ਦੇ ਖੇਤ ਦਾ ਦੌਰਾ ਕੀਤਾ ਗਿਆ, ਜਿਸ ਨੇ ਝੋਨਾ ਛੱਡ ਕੇ 2 ਏਕੜ ਵਿੱਚ ਨਰਮੇ ਦੀ ਫਸਲ ਬੀਜੀ ਗਈ, ਇਸ ਤੋਂ ਇਲਾਵਾ ਪਿੰਡ ਕੱਟੂ ਤੇ ਠੀਕਰੀਵਾਲ ਆਦਿ ਪਿੰਡਾਂ ਦਾ ਦੌਰਾ ਕੀਤਾ ਗਿਆ। ਨਰਮੇ ਦੀ ਫਸਲ ਦੀ ਹਾਲਤ ਬਹੁਤ ਵਧੀਆ ਹੈ। ਮੁੱਖ ਖੇਤੀਬਾੜੀ ਅਫਸਰ ਬਰਨਾਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਜਿਹੜੇ ਕਿਸਾਨ ਨਰਮੇ ਦੀ ਫਸਲ ਬੀਜ ਰਹੇ ਹਨ, ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਪ੍ਰਮਾਣਿਤ ਕਿਸਮਾਂ ਦੇ ਬੀਜ ਹੀ ਖਰੀਦਣ ਅਤੇ ਖਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਅਤੇ ਇਸ ਨੂੰ ਸੰਭਾਲ ਕੇ ਰੱਖਣ। ਜੇਕਰ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਆਉਂਦੀ ਹੈ ਤਾਂ ਆਪਣੇ ਬਲਾਕ ਦੇ ਖੇਤੀਬਾੜੀ ਅਫਸਰ ਨਾਲ ਰਾਬਤਾ ਕਾਇਮ ਕੀਤਾ ਜਾਵੇ।