ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ)ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੁਣੇ ਹੋਏ ਨੁਮਾਇੰਦਿਆਂ ਦਾ ਤਿੰਨ ਰੋਜ਼ਾ ਸਿਖਲਾਈ ਕੈਂਪ ਦਿਹਾਤੀ ਅਤੇ ਸਨਅਤੀ ਵਿਕਾਸ ਖੋਜ ਕੇਂਦਰ ਚੰਡੀਗੜ੍ਹ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਵਿਖੇ ਲਗਾਇਆ ਗਿਆ। ਇਸ ਸਿਖਲਾਈ ਕੈਂਪ ਦਾ ਮੁੱਖ ਉਦੇਸ਼ ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਫ਼ਰਜ਼ਾਂ ਤੋਂ ਜਾਣੂ ਕਰਵਾਉਣ ਦੇ ਨਾਲ ਨਾਲ ਕੇਂਦਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਤੋਂ ਵੀ ਜਾਣੂ ਕਰਵਾ ਕੇ ਆਪਣੇ ਖੇਤਰ ਦਾ ਸਰਬਪੱਖੀ ਵਿਕਾਸ ਕਰਵਾਉਣ ‘ਚ ਸਹਾਈ ਕਰਨਾ ਹੈ।
ਇਸ ਸਿਖਲਾਈ ਕੈਂਪ ਵਿੱਚ ਦਿਹਾਤੀ ਅਤੇ ਸਨਅਤੀ ਵਿਕਾਸ ਖੋਜ ਕੇਂਦਰ ਦੇ ਮਾਹਰ ਡਾ. ਸੁਖਵਿੰਦਰ ਸਿੰਘ, ਹਕੀਕਤ ਸਿੰਘ ਅਤੇ ਜਸਬੀਰ ਸਿੰਘ ਨੇ ਚੁਣੇ ਹੋਏ ਨੁਮਾਇੰਦਿਆਂ ਨੂੰ ਪੰਚਾਇਤੀ ਰਾਜ ਪ੍ਰਣਾਲੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ, ਇਸ ਦੇ ਨਾਲ ਹੀ ਕੇਂਦਰ ਅਤੇ ਰਾਜ ਸਰਕਾਰ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਜਾਣਕਾਰੀ ਦੇਣ ਵਾਸਤੇ ਵੱਖ ਵੱਖ ਸਬੰਧਤ ਵਿਭਾਗਾਂ ਦੇ ਨੇ ਸਿਖਲਾਈ ਕੈਂਪ ਵਿੱਚ ਹਾਜ਼ਰ ਹੋ ਕੇ ਆਪਣੇ ਆਪਣੇ ਵਿਭਾਗਾਂ ਵਲੋਂ ਚਲਾਈਆਂ ਜਾਂਦੀਆਂ ਸਕੀਮਾਂ ਬਾਰੇ ਵਿਸਥਾਰ ‘ਚ ਜਾਣਕਾਰੀ ਦਿੱਤੀ ਅਤੇ ਨਾਲ ਹੀ, ਕੈਂਪ ਵਿੱਚ ਹਾਜ਼ਰ ਮੈਂਬਰਾਂ ਨੇ ਜ਼ਮੀਨੀ ਪੱਧਰ ‘ਤੇ ਆਉਂਦੀਆਂ ਮੁਸ਼ਕਲਾਂ ਬਾਰੇ ਸਬੰਧਤ ਅਧਿਕਾਰੀਆਂ ਨਾਲ ਚਰਚਾ ਕੀਤੀ।
ਕੈਂਪ ਦੌਰਾਨ ਖੇਤੀਬਾੜੀ ਵਿਕਾਸ ਅਫਸਰ ਅਵਨਿੰਦਰ ਸਿੰਘ ਮਾਨ, ਜਲ ਸਪਲਾਈ ਅਤੇ ਸੈਨੀਟੇਸ਼ਨ ਤੋਂ ਵੀਰਪਾਲ ਕੌਰ ਅਤੇ ਵਿਨੋਦ ਕੁਮਾਰ, ਬਾਗਬਾਨੀ ਵਿਭਾਗ ਤੋਂ ਡਾ. ਐਸ.ਐਸ. ਮਾਨ, ਸਿਖਿਆ ਵਿਭਾਗ ਤੋਂ ਮੈਡਮ ਮਧੂ ਅਤੇ ਪੁਨੀਤ ਸ਼ਰਮਾ ਤੇ ਗੋਪਾਲ ਸ਼ਰਮਾ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਤੋਂ ਚਮਨ ਲਾਲ ਅਤੇ ਦਲਬੀਰ ਕੌਰ, ਜਿਲ੍ਹਾ ਭਲਾਈ ਅਫਸਰ ਇਨਾਇਤ ਵਾਲੀਆ ਹਾਜ਼ਰ ਹੋਏ।
ਇਸ ਮੌਕੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਚੇਅਰਪਰਸਨ ਸ੍ਰੀਮਤੀ ਰਾਜ ਕੌਰ ਗਿੱਲ, ਵਾਈਸ ਚੇਅਰਮੈਨ ਸ੍ਰੀ ਸਤਨਾਮ ਸਿੰਘ, ਮੈਂਬਰ ਸ੍ਰੀ ਗਗਨਦੀਪ ਸਿੰਘ ਜੌਲੀ ਜਲਾਲਪੁਰ, ਸ੍ਰੀ ਮਨਿੰਦਰਜੀਤ ਸਿੰਘ ਫਰਾਂਸਵਾਲਾ, ਸ੍ਰੀ ਮਨੋਹਰ ਲਾਲ, ਸ੍ਰੀ ਤੇਜਪਾਲ ਸਿੰਘ ਟਿਵਾਣਾ, ਸ੍ਰੀ ਪਰਮਿੰਦਰ ਸਿੰਘ, ਸ੍ਰੀ ਧਰਮਪਾਲ, ਸ੍ਰੀਮਤੀ ਰਾਜ ਕੌਰ, ਸ੍ਰੀਮਤੀ ਜਸਵੀਰ ਕੌਰ, ਸ੍ਰੀਮਤੀ ਵਿਨੋਦ ਸ਼ਰਮਾ, ਸ੍ਰੀ ਇਛਿਆਮਾਨ ਸਿੰਘ ਭੋਜੋਮਾਜਰੀ ਚੇਅਰਮੈਨ ਪੰਚਾਇਤ ਸਮਿਤੀ ਨਾਭਾ, ਸ੍ਰੀ ਸਰਬਜੀਤ ਸਿੰਘ ਚੇਅਰਮੈਨ ਪੰਚਾਇਤ ਸਮਿਤੀ ਰਾਜਪੁਰਾ, ਸ੍ਰੀਮਤੀ ਅਰਚਨਾ ਰਾਣੀ ਚੇਅਰਪਰਸਨ ਪੰਚਾਇਤ ਸਮਿਤੀ ਸੰਭੂ ਕਲਾਂ ਨੇ ਵਿਭਾਗਾਂ ਨੂੰ ਆਪਣੀ ਮੁਸ਼ਕਲਾਂ ਤੋਂ ਜਾਣੂੰ ਕਰਵਾਇਆ।
ਸਿਖਲਾਈ ਕੈਂਪ ‘ਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਪ੍ਰੀਤੀ ਯਾਦਵ ਨੇ ਸਬੰਧਤ ਮਹਿਕਮਿਆਂ ਦੇ ਅਫਸਰਾਂ ਨੂੰ ਚੁਣੇ ਹੋਏ ਨੁਮਾਇੰਦਿਆਂ ਨੂੰ ਸਹਿਯੋਗ ਕਰਨ ਲਈ ਨਿਰਦੇਸ਼ ਦਿੱਤੇ ਅਤੇ ਸਮੇਂ ਸਮੇਂ ਆਪਣੀਆਂ ਸਕੀਮਾਂ ਨੂੰ ਲਾਗੂ ਕਰਨ ਲਈ ਚੁਣੇ ਹੋਏ ਨੁਮਾਇੰਦਿਆਂ ਨਾਲ ਤਾਲਮੇਲ ਕਰਨ ਲਈ ਕਿਹਾ ਗਿਆ। ਸ੍ਰੀ ਵਿਜੇ ਧੀਰ, ਏ.ਪੀ.ਓ. ਜਿਲ੍ਹਾ ਦਿਹਾਤੀ ਵਿਕਾਸ ਏਜੰਸੀ ਪਟਿਆਲਾ ਨੇ ਮਗਨਰੇਗਾ ਨੂੰ ਸਚਾਰੂ ਢੰਗ ਨਾਲ ਲਾਗੂ ਕਰਨ ਲਈ ਵਿਸਥਾਰ ਪੂਰਵਕ ਚਰਚਾ ਕੀਤੀ ਜਿਸ ਵਿੱਚ ਮੈਟੀਰੀਅਲ ਦੀ ਪੇਮੈਂਟ ਸਮੇਂ ਸਿਰ ਕਰਵਾਉਣ ਲਈ ਨੁਕਤੇ ਸਾਝੇ ਕੀਤੇ ਗਏ। ਉੋਪ ਮੁੱਖ ਕਾਰਜਕਾਰੀ ਅਫਸਰ ਜਿਲ੍ਹਾ ਪ੍ਰੀਸ਼ਦ ਸ੍ਰੀ ਰੂਪ ਸਿੰਘ ਨੇ ਤਿੰਨ ਰੋਜਾ ਸਿਖਲਾਈ ਪ੍ਰੋਗਰਾਮ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਯੋਗ ਪ੍ਰਬੰਧ ਕੀਤੇ ਅਤੇ ਨਾਲ ਹੀ ਉਨ੍ਹਾਂ ਨੇ 15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਦੀ ਵੰਡ ਅਤੇ ਵਰਤੋ ਕਰਨ ਸਬੰਧੀ ਮੈਬਰਾਂ ਨਾਲ ਵਿਚਾਰ ਚਰਚਾ ਕੀਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਪ੍ਰਤੀਨਿਧੀਆਂ ਨੇ ਆਉਣ ਵਾਲੇ ਸਮੇਂ ਵਿੱਚ ਜਿਲ੍ਹਾ ਪ੍ਰੀਸ਼ਦ ਦੀ ਕਾਰਜਪ੍ਰਣਾਲੀ ਨੂੰ ਬੇਹਤਰ ਬਣਾਉਣ ਲਈ ਆਪਣੇ ਸੁਝਾਅ ਵੀ ਦਿੱਤੇ ਗਏ।