ਪਟਿਆਲਾ (ਪ੍ਰੈਸ ਕੀ ਤਾਕਤ ਬਿਊਰੋ) ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ‘ਘਰ ਘਰ ਰੋਜ਼ਗਾਰ’ ਤਹਿਤ ਜ਼ਿਲ੍ਹਾ ਰੋਜ਼ਗਾਰ ਬਿਊਰੋ ਵੱਲੋਂ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਵਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ, ਇਸੇ ਲੜੀ ਤਹਿਤ ਟਰਾਈਡੈਂਟ ਗਰੁੱਪ ਬਰਨਾਲਾ ‘ਚ ਲੜਕੀਆਂ ਦੀ ਭਰਤੀ ਲਈ 101 ਲੜਕੀਆਂ ਦਾ ਨਵਾਂ ਬੈਚ ਪਟਿਆਲਾ ਤੋਂ ਬਰਨਾਲਾ ਲਈ ਰਵਾਨਾ ਹੋਇਆ।
ਇਸ ਸਬੰਧੀ ਜਾਣਕਾਰੀ ਦਿੰਦਿਆ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸਿੰਪੀ ਸਿੰਗਲਾ ਨੇ ਦੱਸਿਆ ਕਿ ਟਰਾਈਡੈਂਟ ਗਰੁੱਪ ‘ਚ ਰੋਜ਼ਗਾਰ ਲਈ 239 ਲੜਕੀਆਂ ਨੇ ਬਿਊਰੋ ਵਿਖੇ ਪਹੁੰਚ ਕੀਤੀ ਸੀ ਅਤੇ ਇਨ੍ਹਾਂ ਵਿਚੋਂ 101 ਲੜਕੀਆਂ ਦੀ ਚੋਣ ਹੋਈ ਹੈ, ਜੋ ਅੱਜ ਟਰਾਈਡੈਂਟ ਗਰੁੱਪ ਬਰਨਾਲਾ ਲਈ ਪਟਿਆਲਾ ਤੋਂ ਰਵਾਨਾ ਹੋਈਆਂ।
ਸਿੰਪੀ ਸਿੰਗਲਾ ਨੇ ਦੱਸਿਆ ਕਿ ਲੜਕੀਆਂ ਨੂੰ ਟ੍ਰੇਨਿੰਗ ਦੌਰਾਨ ਮੁਫ਼ਤ ਹੋਸਟਲ ਦੀ ਸੁਵਿਧਾ ਵੀ ਦਿੱਤੀ ਜਾਵੇਗੀ ਅਤੇ ਭਰਤੀ ਹੋਣ ਵਾਲੀਆਂ ਲੜਕੀਆਂ ਨੂੰ ਟ੍ਰੇਨਿੰਗ ਦੌਰਾਨ 18 ਹਜ਼ਾਰ ਰੁਪਏ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਜੋ ਲੜਕੀਆਂ ਬਰਨਾਲਾ ਕੰਪਨੀ ਦੇ 30 ਕਿਲੋਮੀਟਰ ਦੇ ਦਾਇਰੇ ਤੋਂ ਬਾਹਰ ਹਨ, ਉਨ੍ਹਾਂ ਨੂੰ ਟ੍ਰੇਨਿੰਗ ਦੌਰਾਨ ਹੋਸਟਲ ਵਿਖੇ ਰਹਿਣ ਦੀ ਸਹੂਲਤ ਦਿੱਤੀ ਜਾਵੇਗੀ।
ਉਨ੍ਹਾਂ ਇਹ ਵੀ ਦੱਸਿਆ ਕਿ ਜਲਦ ਹੀ ਲੜਕੀਆਂ ਦਾ ਇੱਕ ਹੋਰ ਬੈਚ ਟਰਾਈਡੈਂਟ ਗਰੁੱਪ ਬਰਨਾਲਾ ਲਈ ਸਟੀਚਿੰਗ, ਚੈਕਰ ਅਤੇ ਪੈਕਰ ਦੀ ਭਰਤੀ ਲਈ ਭੇਜਿਆ ਜਾਵੇਗਾ। ਚਾਹਵਾਨ ਲੜਕੀਆਂ ਜਿਨ੍ਹਾਂ ਦੀ ਉਮਰ 18 ਤੋਂ 25 ਸਾਲ ਹੋਵੇ ਅਤੇ ਯੋਗਤਾ ਦਸਵੀਂ ਜਾ ਬਾਰਵੀਂ ਹੋਵੇ ਉਹ ਆਪਣੇ ਪੜ੍ਹਾਈ ਦੇ ਸਰਟੀਫਿਕੇਟਾਂ ਦੇ ਨਾਲ ਆਪਣਾ ਆਧਾਰ ਕਾਰਡ, ਪੈਨ ਕਾਰਡ, ਬੈਂਕ ਪਾਸਬੁੱਕ, ਆਪਣੀਆਂ 4 ਪਾਸਪੋਰਟ ਸਾਈਜ਼ ਫੋਟੋਆਂ ਲੈਕੇ ਮਿਤੀ 19 ਫਰਵਰੀ ਸ਼ਾਮ 5:00 ਵਜੇ ਤੱਕ ਆਪਣਾ ਫਾਰਮ ਸਰਕਾਰੀ ਕੰਮ-ਕਾਰ ਵਾਲੇ ਦਿਨ ਜ਼ਿਲ੍ਹਾ ਰੋਜ਼ਗਾਰ ਬਿਊਰੋ, ਪਟਿਆਲਾ ਵਿਖੇ ਆ ਕੇ ਭਰ ਸਕਦੀਆਂ ਹਨ।