ਪਟਿਆਲਾ, 3 ਜੂਨ (ਸੁਨੀਤਾ ਵਰਮਾ) ਪੰਜਾਬ ਸਰਕਾਰ ਵੱਲੋਂ ਕਰੋਨਾ ਵਰਗੀ ਭਿਆਨਕ ਬਿਮਾਰੀ ਦੇ ਖਾਤਮੇ ਲਈ ਚਲਾਏ ਗਏ ਮਿਸ਼ਨ ਫਤਹਿ ਨੂੰ ਅੱਜ ਉਸ ਵੇਲੇ ਭਰਵਾਂ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਪਟਿਆਲਾ ਪੁਲਿਸ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ।
ਐਸਐਸਪੀ ਪਟਿਆਲਾ ਪੁਲਿਸ ਮਨਦੀਪ ਸਿੰਘ ਸਿੱਧੂ ਦੀ ਅਗਵਾਈ ਵਿਚ 125 ਪੁਲਿਸ ਮੁਲਾਜ਼ਮਾਂ ਤੇ ਅਧਿਕਾਰੀਆਂ ਨੇ ਕਰੋਨਾ ਤੋਂ ਬਚਾਅ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ। ਇਹ ਸਾਈਕਲ ਰੈਲੀ ਪੁਲਿਸ ਲਾਈਨ ਤੋਂ ਗੁਰੂਦੁਆਰਾ ਸ੍ਰੀ ਦੁੱਖ-ਨਿਵਾਰਨ ਸਾਹਿਬ, ਖੰਡਾ ਚੌਂਕ, ਰਜਵਾਹਾ ਰੋਡ, ਸਰਕਟ ਹਾਊਸ ਗੋਲ ਚੱਕਰ, ਰੇਲਵੇ ਫਾਟਕ ਨੰਬਰ 19 ਨੇੜੇ ਕੈਪੀਟਲ ਸਿਨਮੇ ਤੋਂ ਹੁੰਦੀ ਹੋਈ ਮਾਲ ਰੋਡ ਰਾਹੀਂ ਸ਼੍ਰੀ ਕਾਲੀ ਮਾਤਾ ਮੰਦਰ, ਸੇਰਾਂ ਵਾਲਾ ਗੇਟ, ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਂਕ, ਏ.ਟੈਂਕ, ਪਰਾਂਦਾ ਬਜ਼ਾਰ, ਕੋਤਵਾਲੀ, ਕਿਲ੍ਹਾ ਮੁਬਾਰਕ ਦੇ ਸਾਹਮਣੇ ਤੋਂ ਲੰਘਦੀ ਹੋਈ ਸ਼ਾਹੀ ਸਮਾਧਾਂ, ਸਮਾਣੀਆ ਗੇਟ, ਐਨ.ਆਈ.ਐਸ. ਚੌਂਕ, ਅਪਰਮਾਲ, ਗੁਰੂਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ, ਵਾਈ.ਪੀ.ਐਸ ਚੌਂਕ, ਠੀਕਰੀਵਾਲਾ ਚੌਂਕ, ਫੁਹਾਰਾ ਚੌਂਕ, ਲੀਲ੍ਹਾ ਭਵਨ, 22 ਨੰਬਰ ਫਾਟਕ ਰੇਲਵੇ ਓਵਰ ਬਰਿਜ਼ ਤੋਂ ਹੁੰਦੀ ਹੋਈ ਭੁਪਿੰਦਰਾ ਰੋਡ, ਥਾਪਰ ਯੂਨੀਵਰਸਿਟੀ ਚੌਂਕ, ਮਿੰਨੀ ਸੈਕਟਰੀਏਟ ਰੋਡ ਤੋਂ ਲੰਘਦੀ ਹੋਈ ਪੁਲਿਸ ਲਾਈਨ ਦੀ ਜੀ.ਓ. ਮੈਸ ਵਿਖੇ ਆ ਕੇ ਸਮਾਪਤ ਹੋਈ।
ਇਸ ਮੌਕੇ ਵਿਸ਼ੇਸ਼ ਪੱਤਰਕਾਰਾਂ ਨਾਲ ਗੱਲ ਕਰਦਿਆਂ ਐਸ.ਐਸ.ਪੀ ਪਟਿਆਲਾ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਦੇ ਖਾਤਮੇ ਲਈ ਚਲਾਏ ਗਏ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਵਿਸ਼ਵ ਸਾਈਕਲ ਦਿਵਸ ਉਤੇ ਇਹ ਵਿਸ਼ੇਸ਼ ਉਪਰਾਲਾ ਕੀਤਾ ਗਿਆ ਹੈ ਜਿਸ ਵਿਚ ਐਸ.ਐਸ.ਪੀ ਤੋਂ ਲੈਕੇ ਸਿਪਾਹੀ ਤਕ ਦੇ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ ਹੈ। ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜ਼ਰੂਰੀ ਉਪਾਅ ਅਤੇ ਕਾਨੂੰਨੀ ਆਦੇਸ਼ਾਂ ਦੀ ਪਾਲਣਾ ਕਰਨ ਦੇ ਨਾਲ ਨਾਲ ਕਰੋਨਾ ਵਾਰੀਅਰਜ਼ ਨੂੰ ਪੂਰੀ ਤਰ੍ਹਾਂ ਸਹਿਯੋਗ ਦੇਣ ਲਈ ਵੀ ਪ੍ਰੇਰਿਤ ਕੀਤਾ।
