* ਪਰਾਲੀ ਨਾ ਸਾੜਨ ਬਾਰੇ ਕੀਤਾ ਜਾਗਰੂਕ
ਪਟਿਆਲਾ, 6 ਮਾਰਚ:(ਪ੍ਰੈਸ ਕੀ ਤਾਕਤ ਬਿਊਰੋ)
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਵੱਲੋਂ ਅੱਜ ਪਰਾਲੀ ਦੀ ਸਾਂਭ-ਸੰਭਾਲ ਸਬੰਧੀ ਜਾਗਰੂਕਤਾ ਪੈਦਾ ਕਰਨ ਲਈ ਖੇਤ ਦਿਵਸ ਮਨਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਕਿਸਾਨਾਂ ਅਤੇ ਕਿਸਾਨ ਬੀਬੀਆਂ ਵੱਲੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਬੋਲਦਿਆਂ ਕ੍ਰਿਸ਼ੀ ਵਿਗਿਆਨ ਕੇਂਦਰ ਪਟਿਆਲਾ ਦੇ ਸਹਿਯੋਗੀ ਨਿਰਦੇਸ਼ਕ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਕੈਂਪ ਦਾ ਮੁੱਖ ਮੰਤਵ ਫਸਲਾਂ ਦੀ ਰਹਿੰਦ-ਖੂੰਹਦ ਦੇ ਸੁਚੱਜੇ ਪ੍ਰਬੰਧਨ ਲਈ ਕਿਸਾਨਾਂ ਨੂੰ ਜਾਗਰੂਕ ਕਰਨਾ ਹੈ। ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਜ਼ਰੂਰੀ ਹੈ ਕਿ ਕਿਸਾਨ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਬਿਨਾਂ ਅੱਗ ਲਗਾਏ ਖੇਤ ਵਿਚ ਹੀ ਵਾਹ ਦੇਣ। ਜ਼ਿਲ੍ਹਾ ਪਸਾਰ ਮਾਹਰ ਡਾ. ਗੁਰਪ੍ਰੀਤ ਕੌਰ ਨੇ ਖੇਤੀਬਾੜੀ ਸਬੰਧੀ ਖੇਤੀ ਖਰਚੇ ਘਟਾਉਣ ਅਤੇ ਖੇਤੀ ਸਬੰਧੀ ਰਿਕਾਰਡ ਰੱਖਣ ਦੀ ਅਪੀਲ ਕੀਤੀ।
ਸੈਮੀਨਾਰ ਦੌਰਾਨ ਸਹਿਯੋਗੀ ਪ੍ਰੋਫੈਸਰ ਡਾ ਗੁਰਉਪਦੇਸ਼ ਕੌਰ ਨੇ ਕਿਸਾਨਾਂ ਨੂੰ ਖੇਤੀ ਸਾਹਿਤ ਪੜਨ ਲਈ ਪ੍ਰੇਰਿਆ। ਸਹਾਇਕ ਪ੍ਰੋਫੈਸਰ ਡਾ. ਰਚਨਾ ਸਿੰਗਲਾ ਨੇ ਫਲਦਾਰ ਬੂਟਿਆਂ ਦੀ ਕਾਸ਼ਤ ਬਾਰੇ ਜਾਣਕਾਰੀ ਦਿੱਤੀ ਅਤੇ ਡਾ. ਹਰਦੀਪ ਸਿੰਘ ਨੇ ਹੈਪੀ ਸੀਡਰ ਨਾਲ ਬੀਜੀ ਕਣਕ ਬਾਰੇ ਜਾਣਕਾਰੀ ਦਿੰਦਿਆ ਕਿਸਾਨਾਂ ਦੇ ਸ਼ਕਿਆਂ ਨੂੰ ਦੂਰ ਕੀਤਾ ਅਤੇ ਉਨ੍ਹਾਂ ਨੇ ਚੁਹਿਆਂ ਦੀ ਸੁੱਚਜੀ ਰੋਕਥਾਮ ਅਤੇ ਕਿਸਾਨਾਂ ਨੂੰ ਪੀਲੀ ਕੁੰਗੀ ਦੇ ਹਮਲੇ ਤੋਂ ਬੱਚਣ ਲਈ ਵੀ ਕਿਸਾਨਾਂ ਨੂੰ ਸੁਝਾਅ ਦਿੱਤੇ।
ਸਹਿਯੋਗੀ ਪ੍ਰੋਫੈਸਰ ਡਾ. ਰਜਨੀ ਗੋਇਲ ਨੇ ਫਲਾਂ ਅਤੇ ਸਬਜ਼ੀਆਂ ਦੀ ਪ੍ਰੋਸੈਸਿੰਗ ਸਬੰਧੀ ਗੱਲਬਾਤ ਕੀਤੀ ਅਤੇ ਡਾ. ਗੁਰਨਾਜ਼ ਸਿੰਘ ਗਿੱਲ ਨੇ ਐਗਰੋ ਪ੍ਰੋਸੈਸਿੰਗ ਅਪਨਾਉਣ ਅਤੇ ਘਰਾਂ ਵਿਚ ਗੋਬਰਗੈਸ ਪਲਾਂਟ ਲਗਾਉਣ ਲਈ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਕਿਸਾਨਾਂ ਨੂੰ ਖੇਤੀ ਸਾਹਿਤ ਅਤੇ ਸਬਜ਼ੀਆਂ ਦੀਆਂ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ। ਇਸ ਮੌਕੇ ਸ. ਨਰਿੰਦਰ ਸਿੰਘ ਅਤੇ ਸ. ਸੁਖਦੇਵ ਸਿੰਘ ਮੀਰਾਂਪੁਰ ਨੇ ਵੀ ਵਿਚਾਰ ਸਾਂਝੇ ਕੀਤੇ।

