ਪਟਿਆਲਾ 1 ਦਸੰਬਰ (ਪ੍ਰੈਸ ਕੀ ਤਾਕਤ ਬਿਊਰੋ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਕਲਾ ਭਵਨ ਵਿਖੇ ਸਾਰਥਕ ਰੰਗਮੰਚ ਪਟਿਆਲਾ ਵੱਲੋਂ ਕਰਵਾਾਏ ਜਾ ਰਹੇ ਛੇਵੇਂ ਨੌਰ੍ਹਾ ਰਿਚਰਡਜ਼ ਨੈਸ਼ਨਲ ਥੀਏਟਰ ਫੈਸਟੀਵਲ ਦੇ ਦੂਸਰੇ ਦਿਨ ਪ੍ਰਸਿੱਧ ਨਿਰਦੇਸ਼ਕ ਡਾ. ਕੇਵਲ ਧਾਲੀਵਾਲ ਵੱਲੋਂ ਨਿਰਦੇਸਿ਼ਤ ਅਤੇ ਜਰਮਨ ਦੇ ਪ੍ਰਸਿੱਧ ਨਾਟਕਕਾਰ ਬਰਤੋਲਤ ਬਰੈਖਤ ਵੱਲੋਂ ਲਿਖਿਤ ਨਾਟਕ ‘ਦਾ ਰਾਈਜ਼ ਆਫ਼ ਆਰਤਰੋ ਊਈ’ ਦਾ ਪੰਜਾਬੀ ਰੂਪਾਂਤਰਣ ‘ਬਾਲਾ ਕਿੰਗ’ ਖੇਡਿਆ ਗਿਆ। ਇਸ ਨਾਟਕ ਦਾ ਪੰਜਾਬੀ ਰੂਪਾਂਤਰਣ ਡਾ. ਅਰਵਿੰਦਰ ਕੌਰ ਧਾਲੀਵਾਲ ਨੇ ਕੀਤਾ ਹੈ। ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਤੋਂ ਇਲਾਵਾ ਉੱਤਰ ਖੇਤਰੀ ਸਭਿਆਚਾਰਕ ਕੇਂਦਰ ਪਟਿਆਲਾ, ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ੍ਹ ਅਤੇ ਪੰਜਾਬੀ ਅਕਾਦਮੀ ਦਿੱਲੀ ਦੇ ਸਹਿਯੋਗ ਨਾਲ ਹੋ ਰਹੇ ਇਸ ਨਾਟਕ ਮੇਲੇ ਦੇ ਦੂਸਰੇ ਦਿਨ ਪੰਜਾਬੀ ਅਕਾਦਮੀ ਦਿੱਲੀ ਦੇ ਸਕੱਤਰ ਸ੍ਰੀ ਗੁਰਭੇਜ ਸਿੰਘ ਗੁਰਾਇਆ ਮੁੱਖ ਮਹਿਮਾਨ ਵਜੋਂ ਅਤੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਲੂਮਨੀ ਰਿਲੇਸ਼ਨਜ਼ ਡਾ. ਬਲਦੇਵ ਸਿੰਘ ਧਾਲੀਵਾਲ ਵਿਸ਼ੇਸ ਮਹਿਮਾਨ ਵਜੋਂ ਪਹੁੰਚੇ।
ਐਪਿਕ ਸ਼ੈਲੀ ਦੀ ਇਸ ਪੇਸ਼ਕਾਰੀ ਨੂੰ ਦਰਸ਼ਕਾਂ ਵੱਲੋਂ ਭਰਪੂਰ ਦਾਦ ਦਿੱਤੀ ਗਈ। ਨਾਟਕ ਦੇ ਅੰਤ ਵਿਚ ਬੋਲਦਿਆਂ ਡਾ. ਬਲਦੇਵ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਇਸ ਸ਼ੈਲੀ ਦੀ ਇਕ ਉੱਤਮ ਪੇਸ਼ਕਾਰੀ ਸੀ ਜੋ ਦਰਸ਼ਕ ਮਨ ਤੇ ਗਹਿਰਾ ਪ੍ਰਭਾਵ ਪਾਉਂਦਿਆਂ ਇਸ ਗੱਲ ਨੂੰ ਅਸਰਦਾਇਕ ਢੰਗ ਨਾਲ ਸੰਚਾਰਿਤ ਕਰਨ ਵਿਚ ਸਫਲ ਰਹੀ ਹੈ ਕਿ ਭਾਵੇਂ ਇਹ ਨਾਟਕ ਮੂਲ ਰੂਪ ਵਿਚ ਯੂਰਪੀਅਨ ਖਿੱਤੇ ਵਿਚ ਅਤੇ ਅੱਜ ਤੋਂ ਤਕਰੀਬਨ 60 ਸਾਲ ਪਹਿਲਾਂ ਲਿਖਿਆ ਗਿਆ ਸੀ ਪਰ ਅੱਜ ਦੇ ਸਮੇਂ ਵਿਚਲੇ ਭਾਰਤ ਵਿਚ ਵੀ ਇਸ ਦੀ ਪ੍ਰਸੰਗਿਕਤਾ ਜਿਉਂ ਦੀ ਤਿਉਂ ਹੈ।
ਸ੍ਰ. ਗੁਰਭੇਜ ਸਿੰਘ ਗੁਰਾਇਆ ਨੇ ਕਿਹਾ ਕਿ ਸਾਡੇ ਸਮੇਂ ਦੀਆਂ ਸਥਿਤੀਆਂ ਦਾ ਅਸਲੀ ਸੱਚ ਇਸ ਤਰ੍ਹਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣੇ ਲਿਆਉਣਾ ਇਕ ਜ਼ੁਅੱਰਤਮੰਦੀ ਭਰਿਆ ਕਾਰਜ ਹੈ ਜੋ ਇਸ ਨਾਟਕ ਪੇਸ਼ਕਾਰੀ ਰਾਹੀਂ ਬਾਖੂਬੀ ਹੋਇਆ ਹੈ।
ਇਸ ਨਾਟਕ ਦਾ ਵਿਸ਼ਾ ਅਜੋਕੇ ਸਿਆਸੀ ਪ੍ਰਬੰਧ ਤੇ ਇਕ ਤਨਜ਼ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿਵੇਂ ਛੋਟੇ ਸ਼ਹਿਰਾਂ ਵਿਚ ਰਹਿੰਦੇ ਛੋਟੇ ਛੋਟੇ ਬਦਮਾਸ਼ ਸਿਆਸਤ ਵਿਚ ਦਾਖਲ ਹੋ ਕੇ ਵੱਡੇ ਅਹੁਦਿਆਂ ਤਕ ਪਹੁੰਚ ਜਾਂਦੇ ਹਨ। ਨਾਟਕ ਦਾ ਸਮੁੱਚਾ ਕਥਾਨਕ ਗਿਰਾਵਟ ਦੀ ਮੂੰਹ ਬੋਲਦੀ ਤਸਵੀਰ ਹੈ। ਇਸ ਨਾਟਕ ਦੀ ਕਹਾਣੀ ਇਕ ਬਾਲਾ ਨਾਮੀ ਪਹਿਲਵਾਨ ਦੁਆਲੇ ਘੁੰਮਦੀ ਹੈ ਜੋ ਇਕ ਸਧਾਰਨ ਪਹਿਲਵਾਨ ਤੋਂ ਪਹਿਲਾਂ ਗੈਂਗਸਟਰ ਬਣਦਾ ਹੈ ਅਤੇ ਫਿਰ ਆਪਣੀ ਗੁੰਡਾਗਰਦੀ ਨਾਲ ਵੱਡੇ ਨੇਤਾ ਦੇ ਰੂਪ ਵਿਚ ਸਥਾਪਿਤ ਹੁੰਦਾ ਹੈ। ਨਾਟਕ ਵਿਚ ਗੁਰਤੇਜ ਮਾਨ, ਪਵੇਲ ਸੰਧੂ, ਜਸਵੰਤ ਸਿੰਘ, ਸਾਜਨ, ਵੀਰਪਾਲ, ਗੁਰਪ੍ਰੀਤ, ਅਲੀ, ਗੁਰਮੇਲ ਸ਼ਾਮਨਗਰ, ਕਾਲਾ, ਵਿਸ਼ੂ ਸ਼ਰਮਾ, ਈਮੈਨੂਅਲ ਸਿੰਘ, ਅਮਰਪਾਲ, ਵਿਕਾਸ ਜੋਸ਼ੀ, ਗੁਰਦਿੱਤ ਸਿੰਘ, ਹਰਪ੍ਰੀਤ ਆਦਿ ਕਲਾਕਾਰਾਂ ਨੇ ਬਾਖੂਬੀ ਕਿਰਦਾਰ ਨਿਭਾਇਆ। ਨਾਟਕ ਦਾ ਸੰਗੀਤ ਲੋਪੋਕੇ ਬ੍ਰਦਰਜ਼ ਵੱਲੋਂ ਦਿੱਤਾ ਗਿਆ।
ਅੰਤ ਵਿਚ ਫੈਸਟੀਵਲ ਡਾਇਰੈਕਰ ਡਾ. ਇੰਦਰਜੀਤ ਕੌਰ ਅਤੇ ਯੁਵਕ ਭਲਾਈ ਵਿਭਾਗ ਦੇ ਇੰਚਾਰਜ਼ ਡਾ.ਗੁਰਸੇਵਕ ਲੰਬੀ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ।
