ਪਟਿਆਲਾ, 17 ਮਾਰਚ :
ਪਟਿਆਲਾ ਦੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀ ਕੁਮਾਰ ਅਮਿਤ ਨੇ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਦੇ ਮੱਦੇਨਜ਼ਰ ਅਤੇ ਜਨਤਕ ਹਿੱਤਾਂ ਨੂੰ ਦੇਖਦਿਆਂ ਇਹਤਿਹਾਤ ਵਜੋਂ ਪਟਿਆਲਾ ਜ਼ਿਲ੍ਹੇ ‘ਚ ਪੈਂਦੇ ਸਾਰੇ ਕੋਚਿੰਗ ਇੰਸੀਚਿਊਟ ਅਤੇ ਆਈਲੈਟਸ ਸੈਂਟਰ 17 ਮਾਰਚ ਦੀ ਅੱਧੀ ਰਾਤ ਤੋਂ ਬੰਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਕੋਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਲਈ ਜਨਤਕ ਇਕੱਠ ਤੇ ਮਨਾਹੀ ਦੇ ਹੁਕਮ ਦਿੱਤੇ ਗਏ ਹਨ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਸਮੂਹ ਕੋਚਿੰਗ ਇੰਸੀਚਿਊਟ ਅਤੇ ਆਈਲੈਟਸ ਸੈਂਟਰ ਅਗਲੇ ਹੁਕਮਾਂ ਤੱਕ ਬੰਦ ਰਹਿਣਗੇ।
ਡਿਪਟੀ ਕਮਿਸ਼ਨਰ ਨੇ ਇਕ ਵੱਖਰੇ ਹੁਕਮ ਜਾਰੀ ਕਰਕੇ ਜ਼ਿਲ੍ਹੇ ਦੇ ਸਾਰੇ ਪਲੇਵੇ ਸਕੂਲ, ਕਿੰਡਰਗਾਰਡਨ, ਆਂਗਨਵਾੜੀ ਸੈਂਟਰ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਆਦੇਸ਼ ਵੀ ਜਾਰੀ ਕੀਤੇ ਹਨ। ਆਦੇਸ਼ਾਂ ‘ਚ ਕਿਹਾ ਗਿਆ ਹੈ ਕਿ 16 ਮਾਰਚ ਦੀ ਅੱਧੀ ਰਾਤ ਤੋਂ ਸਮੂਹ ਪਲੇਵੇ ਸਕੂਲ, ਕਿੰਡਰਗਾਰਡਨ, ਆਂਗਨਵਾੜੀ ਸੈਂਟਰਾਂ ਨੂੰ ਪੰਜਾਬ ਸਰਕਾਰ ਦੇ ਅਗਲੇ ਹੁਕਮਾਂ ਤੱਕ ਬੰਦ ਰੱਖਣ ਦੇ ਹੁਕਮ ਦਿੱਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਨਾ ਦਿਖਾਈ ਜਾਵੇ, ਕਿਉਂਕਿ ਨੋਵਲ ਕਰੋਨਾਵਾਇਰਸ ਦੇ ਮਾਮਲੇ ‘ਚ ਸਥਿਤੀ ਪੂਰੀ ਨਿਯੰਤਰਣ ਹੇਠ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ, ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਆਮ ਲੋਕਾਂ ਦੀ ਸਿਹਤ ਦੇ ਮੱਦੇਨਜ਼ਰ 24 ਘੰਟੇ ਅਤੇ ਹਫ਼ਤੇ ਦੇ ਸੱਤ ਦਿਨ ਪੂਰੀ ਤਰ੍ਹਾਂ ਸਰਗਰਮ ਹੈ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਆਮ ਲੋਕ ਆਪਣੀ ਸਿਹਤ ਪ੍ਰਤੀ ਚੌਕਸ ਜਰੂਰ ਰਹਿਣ ਪ੍ਰੰਤੂ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ ਨਾ ਫੈਲਾਉਣ ਅਤੇ ਨਾ ਹੀ ਅਫ਼ਵਾਹਾਂ ਉਪਰ ਯਕੀਨ ਕਰਨ। ਉਨ੍ਹਾਂ ਕਿਹਾ ਕਿ ਹੱਥ ਚੰਗੀ ਤਰ੍ਹਾਂ ਧੋਏ ਜਾਣ, ਸਾਫ਼-ਸਫ਼ਾਈ ਰੱਖੀ ਜਾਵੇ ਅਤੇ ਬੁਖਾਰ, ਖਾਂਸੀ, ਜੁਕਾਮ, ਸਾਂਹ ਲੈਣ ‘ਚ ਤਕਲੀਫ਼ ਆਦਿ ਸਮੇਤ ਗੰਭੀਰ ਲੱਛਣਾਂ ਦੀ ਸੂਰਤ ‘ਚ ਡਾਕਟਰ ਦੀ ਸਲਾਹ ਲਈ ਜਾਵੇ। ਉਨ੍ਹਾਂ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਡੇ ਜਨਤਕ ਇਕੱਠਾਂ ਤੇ ਭੀੜ-ਭੜੱਕੇ ਵਾਲੀਆਂ ਥਾਵਾਂ ‘ਤੇ ਜਾਣ ਅਤੇ ਇੱਕ ਦੂਜੇ ਨਾਲ ਹੱਥ ਮਿਲਾਉਣ ਆਦਿ ਤੋਂ ਵੀ ਗੁਰੇਜ਼ ਕਰਨ।