ਅੱਜ-ਕੱਲ੍ਹ ਨੌਜਵਾਨਾਂ ਵਿੱਚ ਦਿਨੋਂ-ਦਿਨ ਵਿਦੇਸ਼ ਜਾਣ ਦਾ ਇੰਨਾ ਰੁਝਾਨ ਵੱਧ ਰਿਹਾ ਹੈ ਕਿ ਉਹ ਆਪਣੇ ਪਰਿਵਾਰ ਨੂੰ ਬੇਸਹਾਰਾ ਛੱਡ ਕੇ ਹਜ਼ਾਰਾਂ ਮੀਲ ਦੂਰ ਕਿਸੇ ਅਣਜਾਨ ਦੇਸ਼ ਵਿੱਚ ਆਪਣੇ ਸੁਨਿਹਰੀ ਭਵਿੱਖ ਦਾ ਸੁਪਨਾ ਆਪਣੀ ਅੱਖਾਂ ‘ਚ ਸੰਜੋਏ ਵਿਦੇਸ਼ਾਂ ਵੱਲ ਕੂਚ ਕਰ ਰਹੇ ਹਨ ਅਤੇ ਇਹ ਰੂਝਾਨ ਇੰਨੀ ਤੇਜ਼ੀ ਨਾਲ ਵੱਧ ਰਿਹਾ ਹੈ ਕਿ ਜੇਕਰ ਇਸ ਨੂੰ ਸਮੇਂ ਰਹਿੰਦੇ ਠੱਲ੍ਹ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣਾ ਪੰਜਾਬ ਵੀ ਇੱਕ ਬੰਜ਼ਰ ਧਰਤੀ ਵਾਂਗ ਆਪਣਿਆਂ ਦੀ ਉਡੀਕ ਕਰਦਾ-ਕਰਦਾ ਯਤੀਮ ਹੋ ਜਾਵੇਗਾ।
ਨੌਜਵਾਨਾਂ ਦੇ ਵਿਦੇਸ਼ ਜਾਣ ਨਾਲ ਕਿੰਨੇ ਹੀ ਮਾਵਾਂ ਦੇ ਪੁੱਤ, ਕਿੰਨੇ ਭੈਣਾਂ ਦੇ ਭਰਾ, ਕਿੰਨੀਆਂ ਹੀ ਔਰਤਾਂ ਦੇ ਸੁਹਾਗਾਂ ਦੀ ਜਿੰਦੜੀ ਫਰਜ਼ੀ ਏਜੰਟਾਂ ਵੱਲੋਂ ਵਿਦੇਸ਼ਾਂ ਵਿੱਚ ਰੋੜੀ ਜਾ ਰਹੀ ਏ। ਭਾਵੇਂ ਅਸੀਂ ਰੋਜ਼ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ, ਟੀ.ਵੀ. ‘ਤੇ ਵੀ ਦੇਖਦੇ ਹਾਂ ਕਿ ਕਿਸ ਤਰ੍ਹਾਂ ਸਾਡੇ ਨੌਜਵਾਨ ਇੰਨ੍ਹਾਂ ਫਰਜ਼ੀ ਏਜੰਟਾਂ ਦੇ ਝਾਂਸੇ ਵਿੱਚ ਆ ਕੇ ਆਪਣੇ ਸੁਪਨਿਆਂ ਨੂੰ ਉਨ੍ਹਾਂ ਦੇ ਹਵਾਲੇ ਕਰਕੇ ਵਿਦੇਸ਼ਾਂ ਵੱਲ ਉਡਾਰੀ ਮਾਰ ਰਹੇ ਹਨ, ਪਰ ਸ਼ਾਇਦ ਉਨ੍ਹਾਂ ਨੂੰ ਇਸ ਗੱਲ ਦਾ ਜ਼ਰਾਂ ਵੀ ਇਲਮ ਨਹੀਂ ਹੈ ਕਿ ਫਰਜੀ ਏਜੰਟਾਂ ਵਲੋਂ ਵਿਖਾਏ ਗਏ ਸੁਪਨੇ, ਸਿਰਫ਼ ਉਨ੍ਹਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਕਈ ਵਾਰ ਉੱਥੇ ਉਨ੍ਹਾਂ ਦੀ ਉਡਾਰੀ ਨੂੰ ਇੱਕ ਪਿੰਜਰੇ (ਜੇਲ੍ਹ) ਵਿੱਚ ਕੈਦ ਕਰਵਾ ਦਿੱਤਾ ਜਾਂਦਾ ਹੈ। ਕੈਦ ਵਿੱਚ ਰਹਿੰਦੀਆਂ ਉਹ ਇਹੀ ਸੋਚਦੇ ਹੋਣਗੇ ਕਿ ਅਜਿਹੀ ਨਰਕ ਭਰੀ ਜਿੰਦਗੀ ਨਾਲੋਂ ਤਾਂ ਆਪਣੇ ਦੇਸ਼ ਦੀ ਉਹ ਜਿੰਦਗੀ ਹੀ ਠੀਕ ਸੀ ਜਿੱਥੇ ਉਹ ਆਪਣੇ ਪਰਿਵਾਰ ਦੇ ਨਾਲ ਤੇ ਪਰਿਵਾਰ ਉਨ੍ਹਾਂ ਦੇ ਨਾਲ ਸੀ। ਭਾਵੇਂ ਉਹ ਦੋ ਰੋਟੀਆਂ ਘੱਟ ਖਾ ਲੈਂਦੇ ਸਨ ਪਰ ਸਕੂਨ ਦੀ ਜਿੰਦਗੀ ਤਾਂ ਜੀ ਰਹੇ ਸਨ। ਕਿਉਂ ਉਨ੍ਹਾਂ ਨੇ ਵਿਦੇਸ਼ਾਂ ਵੱਲ ਜਾਣ ਦੇ ਸੁਪਨੇ ਸੰਜੋਏ;ਵਸ ਕਈ ਖ਼ੁਸ਼ਕਿਸਮਤ ਤਾਂ ਇਸ ਪਿੰਜਰੇ ‘ਚੋਂ ਨਿਕਲਣ ਵਿੱਚ ਕਾਮਯਾਬ ਹੋ ਜਾਂਦੇ ਹਨ ਪਰ ਜ਼ਿਆਦਾਤਰ ਨੌਜਵਾਨਾਂ ਨੂੰ ਪਛਤਾਵੇ ਤੋਂ ਇਲਾਵਾ ਕੁਝ ਨਹੀਂ ਮਿਲਦਾ। ਜਿਹੜੇ ਨੌਜਵਾਨ ਇਨ੍ਹਾਂ ਫਰਜ਼ੀ ਏਜੰਟਾਂ ਦੇ ਚੁੰਗਲ ਵਿਚੋਂ ਬੱਚ ਕੇ ਕਿਸੇ ਤਰ੍ਹਾਂ ਵਾਪਸ ਆਪਣੇ ਮੁਲਕ ਆ ਜਾਣ ਤਾਂ ਉਹ ਫਿਰ ਵਿਦੇਸ਼ ਜਾਣ ਦੀ ਸੋਚਦੇ ਵੀ ਨਹੀਂ।
ਇਸੇ ਵੱਧ ਰਹੇ ਰੂਝਾਨ ਸਮੇਂ ਦੀਆਂ ਸਰਕਾਰਾਂ ਦਾ ਅਹਿਮ ਰੋਲ ਹੈ, ਜਿਨ੍ਹਾਂ ਵੱਲੋਂ ਨੋਜਵਾਨਾਂ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾਂਦਾ ਅਤੇ ਆਪਣੇ ਝੂਠੇ ਵਾਅਦਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ। ਇਸੇ ਕਰਕੇ ਅੱਜ ਸਾਡੇ ਜ਼ਿਆਦਾਤਰ ਨੌਜਵਾਨ ਜਿਨ੍ਹਾ ਨੂੰ ਕਿਸੇ ਤਰ੍ਹਾਂ ਦਾ ਰੋਜ਼ਗਾਰ ਨਹੀਂ ਮਿਲਿਆ, ਉਹ ਨਸ਼ਿਆਂ ਦੇ ਦਲਦਲ ਵਿੱਚ ਜਾ ਰਹੇ ਹਨ। ਨੌਜਵਾਨਾਂ ਦੇ ਵਿਦੇਸ਼ ਵੱਲ ਕੂਚ ਕਰਵਾਉਣ ਵਿੱਚ ਸਾਡੇ ਕੁਝ ਪੰਜਾਬੀ ਗਾਇਕਾਂ ਨੇ ਵੀ ਕਿਸੇ ਤਰ੍ਹਾਂ ਦੀ ਕਸਰ ਬਾਕੀ ਨਹੀਂ ਛੱਡੀ, ਕਿਉਂਕਿ ਇਨ੍ਹਾਂ ਗਾਇਕਾਂ ਵੱਲੋਂ ਆਪਣੇ ਗਾਣਿਆਂ ਵਿੱਚ ਆਪਣੇ ਵਿਰਸੇ ਦੀ ਗੱਲ ਤਾਂ ਕੀ ਕਰਨੀ ਸੀ, ਸਗੋਂ ਆਪਣੇ ਗਾਣਿਆਂ ਵਿੱਚ ਵਿਦੇਸ਼ੀ ਧਰਤੀ ‘ਤੇ ਅਸਲੇ, ਵੱਡੀਆਂ-ਵੱਡੀਆਂ ਕੋਠੀਆਂ, ਮਹਿੰਗੀਆਂ-ਮਹਿੰਗੀਆਂ ਕਾਰਾਂ ਆਦਿ ਜਿਹਾ ਕੁਝ ਦਿਖਾ ਕੇ ਸ਼ਾਇਦ ਇਹ ਸੁਨੇਹਾ ਦੇ ਰਹੇ ਹਨ ਕਿ ਵਿਦੇਸ਼ਾਂ ਵਿੱਚ ਉਨ੍ਹਾਂ (ਨੌਜਵਾਨਾਂ) ਦੀ ਜਿੰਦਗੀ ਬਹੁਤ ਵਧੀਆ ਹੈ। ਅਜਿਹੇ ਕੁਝ ਵੇਖ ਵੀ ਸਾਡੇ ਨੌਜਵਾਨਾਂ ‘ਤੇ ਬਾਹਰ ਐਸੋ-ਆਰਾਮ ਦੀ ਜਿੰਦਗੀ ਦੇ ਸੁਪਨੇ ਵੇਖਦੇ ਹਨ।
ਮੈਂ ਸਮਝਦਾ ਹਾਂ ਕਿ ਸਾਡੇ ਨੌਜਵਾਨ ਇੰਨੇ ਮਿਹਨਤੀ ਹਨ ਕਿ ਜਿੰਨੀ ਮਿਹਨਤ ਨਾਲ ਉਹ ਵਿਦੇਸ਼ਾਂ ਵਿੱਚ ਕੰਮ ਕਰਦੇ ਹਨ, ਜੇਕਰ ਉਹ ਉਸੇ ਇਮਾਨਦਾਰੀ ਤੇ ਮਿਹਨਤ ਨਾਲ ਇੱਥੇ ਵੀ ਕੰਮ ਕਰਨ ਤਾਂ ਉਹ ਕੀ ਨਹੀਂ ਕਰ ਸਕਦੇ। ਫਿਰ ਪਤਾ ਨਹੀਂ ਕਿ ਉਹ ਆਪਣੀ ਸ਼ਰਮ ਦੇ ਮਾਰੇ ਇੱਥੇ ਮਿਹਨਤ ਕਰਨ ਵਿੱਚ ਗੁਰੇਜ਼ ਕਰਦੇ ਹਨ ਅਤੇ ਵਿਦੇਸ਼ਾਂ ਵਿੱਚ ਜਾ ਕੇ ਵਿਦੇਸ਼ੀਆਂ ਦੇ ਫਾਰਮ ਹਾਊਸਾਂ, ਖੇਤਾਂ, ਪੈਟਰੋਲ ਪੰਪਾਂ ਆਦਿ ਵਿੱਚ ਉਹ ਸਾਰਾ ਕੰਮ ਕਰਦੇ ਹਨ, ਜਿਸਦਾ ਕਿ ਉਨ੍ਹਾਂ ਦਾ ਜ਼ਮੀਰ ਵੀ ਉਨ੍ਹਾਂ ਨੂੰ ਇਜ਼ਾਜਤ ਨਹੀਂ ਦਿੰਦਾ। ਅੱਜ ਦੇ ਸਮੇਂ ਵਿੱਚ ਵਿਦੇਸ਼ਾਂ ਵਿੱਚ ਸੈਟਲ ਹੋਣਾ’ਖਾਲਾ ਜੀ ਦਾ ਵਾੜਾ’ਨਹੀਂ। ਕਿਉਕਿ ਜਿਹੜੇ ਪੰਜਾਬੀ ਕਈ ਦਹਾਕੇ ਪਹਿਲਾਂ ਵਿਦੇਸ਼ਾਂ ਨੂੰ ਗਏ ਸਨ, ਉਹ ਵੀ ਹੁਣ ਕਿਤੇ ਜਾ ਕੇ ਸੈਟ ਹੋਏ ਹਨ ਜਾ ਹੋ ਰਹੇ ਹਨ ਅਤੇ ਅੱਜ ਦਾ ਦੌਰ ਤਾਂ ਇੰਨਾ ਮੁਕਾਬਲੇਬਾਜ਼ੀ ਦਾ ਹੈ ਕਿ ਦੋ ਨੰਬਰ (ਗ਼ੈਰ-ਕਾਨੂੰਨੀ ਢੰਗ) ਵਿੱਚ ਵਿਦੇਸ਼ਾ ‘ਚ ਜਾ ਕੇ ਸੈਟਲ ਹੋਣਾ ਬਹੁਤ ਮੁਸ਼ਕਿਲ ਹੈ।
ਅਜਿਹੇ ਹੀ ਸਾਡੇ ਇੱਕ ਬਹੁਤ ਹੀ ਨਜ਼ਦੀਕੀ ਜਾਣਕਾਰ ਨਾਲ ਵਾਪਰਿਆ ਇੱਕ ਕਿੱਸਾ, ਮੈਂ ਸਾਂਝਾ ਕਰਨ ਲੱਗਾ ਹਾਂ। ਕੁਝ ਕੁ ਮਹੀਨੇ ਪਹਿਲਾਂ ਇੱਕ ਏਜੰਟ ਨੇ ਕੁਝ ਨੌਜਵਾਨਾਂ ਨੂੰ ਵਿਦੇਸ਼ ਭੇਜਿਆ, ਜਿਸ ਵਿੱਚ ਸਾਡਾ ਜਾਣਕਾਰ ਵੀ ਸ਼ਾਮਲ ਸੀ। ਨੌਜਵਾਨਾਂ ਵੀ ਪੂਰੇ ਜੋਸ਼ ਨਾਲ ਖੁਸ਼ੀ-ਖੁਸ਼ੀ ਆਪਣੇ ਪਰਿਵਾਰ ਨੂੰ ਅਲਵਿਦਾ ਕਹਿੰਦੇ ਹੋਏ ਵਿਦੇਸ਼ ਨੂੰ ਗਏ। ਵਿਦੇਸ਼ ਪਹੁੰਚਦਿਆਂ ਹੀ ਉਹਨਾਂ ਨੌਜਵਾਨਾਂ ਨੂੰ ਏਅਰਪੋਰਟ ‘ਤੇ ਲੈਣ ਲਈ ਇੱਕ ਨੁਮਾਇੰਦਾ ਆਉਂਦਾ ਹੈ। ਸਾਰੇ ਹੀ ਨੌਜਵਾਨ ਏਅਰਪੋਰਟ ‘ਤੇ ਸੈਲਫੀ ਲੈਂਦੇ ਹਨ ਅਤੇ ਆਪਣੇ-ਆਪਣੇ ਪਰਿਵਾਰਾਂ ਨੂੰ ਭੇਜਦੇ ਹਨ। ਇਸ ਸਮੇਂ ਦੌਰਾਨ ਉਹ, ਆਪਣੇ ਨਾਲ ਵਾਪਰਣ ਵਾਲੇ ਘਟਨਾਕ੍ਰਮ ਤੋਂ ਅਣਜਾਨ ਸਨ। ਉਹ ਵਿਅਕਤੀ ਸਭ ਤੋਂ ਪਹਿਲਾਂ ਉਨ੍ਹਾਂ ਤੋਂ, ਉਨ੍ਹਾਂ ਦੇ ਪਾਸਪੋਰਟਸ ਦੀ ਮੰਗ ਕਰਦਾ ਹੈ ਅਤੇ ਆਖਦਾ ਹੈ ਕਿ ਉਸਨੇ ਕੁਝ ਦਸਤਾਵੇਜ਼ਾਂ ਨੂੰ ਪੂਰਾ ਕਰਨਾ ਹੈ, ਜਿਸ ਲਈ ਉਨ੍ਹਾਂ ਦੇ ਪਾਸਪੋਰਟਸ ਦੀ ਉਸਨੂੰ ਲੋੜ ਹੈ। ਨੌਜਵਾਨਾਂ ਵਲੋਂ ਉਸਨੂੰ ਆਪਣੇ-ਆਪਣੇ ਪਾਸਪੋਰਟਸ ਸੌਂਪ ਦਿੱਤੇ ਜਾਂਦੇ ਹਨ। ਫਿਰ ਉਹ ਵਿਅਕਤੀ ਉਨ੍ਹਾਂ ਨੂੰ ਇੱਕ ਗੱਡੀ ਰਾਹੀਂ ਸਥਾਨਕ ਸ਼ਹਿਰ ਤੋਂ ਲਗਭਗ 60-70 ਕਿਲੋਮੀਟਰ ਦੂਰ ਵਿਆ-ਬਾਨ ਜੰਗਲੀ ਜਿਹੇ ਏਰੀਏ ਵਿੱਚ ਬਣੇ ਫਾਰਮ ਹਾਊਸ ਵਿੱਚ ਲੈ ਕੇ ਜਾਂਦਾ ਹੈ, ਜਿੱਥੇ ਨੌਜਵਾਨਾਂ ਨੂੰ ਇੱਕ ਦਿਨ ਆਰਾਮ ਕਰਨ ਲਈ ਕਿਹਾ ਜਾਂਦਾ ਹੈ ਅਤੇ ਅਗਲੇ ਦਿਨ ਉਨ੍ਹਾਂ ਨੂੰ ਵੱਖੋ-ਵੱਖ ਕਰਕੇ ਉਹਨਾਂ ਦੇ ਕੰਮ ਕਰਨ ਬਾਰੇ ਦੱਸਿਆ ਜਾਂਦਾ ਹੈ, ਕੰਮ ਵੀ ਮਜਦੂਰੀ ਵਾਲਾ। ਜਦੋਂਕਿ ਵਿਦੇਸ਼ ਭੇਜਣ ਵਾਲੇ ਏਜੰਟ ਵੱਲੋਂ ਉਨ੍ਹਾਂ ਨੂੰ ਮਲਟੀਨੈਸ਼ਨਲ ਕੰਪਨੀ ਵਿੱਚ ਕੰਮ ਲਗਵਾਉਣ ਦਾ ਸੁਪਨਾ ਵਿਖਾ ਕੇ ਐਡਵਾਂਸ ਪੈਹੇ ਲੈ ਲਏ ਗਏ ਸਨ। ਨੌਜਵਾਨਾਂ ਨੂੰ ਉੱਥੇ ਫਾਰਮ ਹਾਊਸ ਵਿੱਚ 25-25 ਕਿਲੋ ਦੇ ਭਾਰੇ ਥੈਲੇ ਚੁੱਕਣ ਦਾ ਕੰਮ ਦਿੱਤਾ ਗਿਆ। ਖਾਣ-ਪੀਣ ਨੂੰ ਵੀ ਕੁਝ ਨਾ ਦਿੱਤਾ ਅਤੇ ਨਾ ਹੀ ਰਾਤ ਨੂੰ ਠਹਿਰਣ ਦਾ ਕੋਈ ਪੁਖ਼ਤਾ ਪ੍ਰਬੰਧ ਕੀਤਾ। ਨੌਜਵਾਨਾਂ ਨੂੰ ਇੰਜ ਕੈਦ ਕਰਕੇ ਰੱਖਿਆ ਗਿਆ, ਜਿਵੇਂ ਉਹ ਬੰਧੂਆ ਮਜਦੂਰ ਹੋਣ। ਕਿਸੇ ਨੂੰ ਵੀ ਏਰੀਏ ਤੋਂ ਬਾਹਰ ਜਾਣ ਦੀ ਇਜ਼ਾਜ਼ਤ ਨਹੀਂ ਸੀ। ਜਦੋਂ ਨੌਜਵਾਨਾਂ ਨੇ ਆਪਣੇ ਸੁਪਨਿਆਂ ਨੂੰ ਟੁੱਟਦਿਆਂ ਦੇਖਿਆ ਤਾਂ ਉੱਥੇ ਕੰਮ ਨਾ ਕਰਨ ਦਾ ਫੈਸਲਾ ਕਰਦੇ ਹੋਏ ਫਾਰਮ ਹਾਊਸ ਦੇ ਮਾਲਕਾਂ ਨੂੰ ਉਨ੍ਹਾਂ ਦੇ ਪਾਸਪੋਰਟਸ ਵਾਪਸ ਕਰਨ ਦੀ ਮੰਗ ਕੀਤੀ ਪਰ ਮਾਲਕਾਂ ਵੱਲੋਂ ਕਿਹਾ ਗਿਆ ਕਿ ਜੇਕਰ ਪਾਸਪੋਰਟ ਵਾਪਸ ਚਾਹੀਦਾ ਹੈ ਤਾਂ 1-1 ਲੱਖ ਰੁਪਏ ਉਨ੍ਹਾਂ ਕੋਲ ਜਮ੍ਹਾਂ ਕਰਵਾਓ ਤਾਂ ਉਹ ਤੁਹਾਨੂੰ ਵਾਪਸ ਤੁਹਾਡੇ ਦੇਸ਼ ਭੇਜੇਣਗੇ। ਸੋਚਣ ਵਾਲੀ ਗੱਲ ਹੈ ਕਿ ਜਿਹੜੇ ਨੌਜਵਾਨ ਰੋਜ਼ਗਾਰ ਦੀ ਤਲਾਸ਼ ਵਿੱਚ ਵਿਦੇਸ਼ ਗਏ ਸਨ, ਉਹ ਆਪਣੀ ਬੇਰੋਜ਼ਗਾਰੀ ਦੌਰਾਨ ਇੰਨੀ ਵੱਡੀ ਰਕਮ ਦਾ ਇੰਤਜ਼ਾਮ ਕਿੱਥੋਂ ਕਰਣਗੇ;ਵਸ ਅਜਿਹੇ ਹਾਲਤਾਂ ਵਿੱਚ ਨੌਜਵਾਨ ਵੱਲੋਂ ਹਾਰ ਨਾ ਮੰਨਦੇ ਹੋਏ ਆਪਣੇ ਦੇਸ਼ ਪਰਤਣ ਦਾ ਫੈਸਲਾ ਕੀਤਾ ਅਤੇ ਕਈ ਕੋਸ਼ਿਸਾਂ ਤੋਂ ਬਾਅਦ ਉਹ ਵਿਚਾਰੇ ਕਿਸੇ ਤਰ੍ਹਾਂ ਜੁਗਾੜ ਕਰਕੇ ਵਾਪਸ ਆਪਣੇ ਦੇਸ਼ ਨੂੰ ਸੁਖੀ-ਸਾਂਧੀ ਪਹੁੰਚ ਗਏ ਅਤੇ ਹੁਣ ਭਵਿੱਖ ਵਿੱਚ ਵਿਦੇਸ਼ ਨਾ ਜਾਣ ਦੀ ਸਹੂੰ ਖਾਂਦੇ ਪਏ ਨੇ। ਇਹ ਤਾਂ ਖੁਸ਼ਕਿਸਮਤ ਹਨ, ਜੋ ਵਾਪਸ ਪਰਤ ਗਏ, ਪਰ ਇਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਇਲਾਵਾ ਪਤਾ ਨਹੀਂ ਕਿੰਨੇ ਹੀ ਨੌਜਵਾਨ ਜੋ ਇਸ ਤਰ੍ਹਾਂ ਫਰਜ਼ੀ ਏਜੰਟਾਂ ਰਾਹੀਂ ਵਿਦੇਸ਼ਾਂ ਨੂੰ ਗਏ ਹਨ, ਜੋ ਅੱਜ ਉੱਥੋਂ ਦੇ ਏਅਰਪੋਰਟਾਂ/ਜੰਗਲਾਂ ਆਦਿ ਵਿੱਚ ਰੁਲ ਰਹੇ ਹਨ।
ਸਾਡੀਆਂ ਸਰਕਾਰਾਂ ਨੂੰ ਸਾਡੇ ਨੌਜਵਾਨਾਂ ਵਾਸਤੇ ਰੋਜ਼ਗਾਰਾਂ ਦੇ ਪ੍ਰਬੰਧ ਕਰਨੇ ਚਾਹੀਦੇ ਹਨ ਤਾਂ ਜੋ ਇਹ ਵਿਦੇਸ਼ਾਂ ਵਿੱਚ ਨਾ ਰੁੱਲ ਸਕਣ ਅਤੇ ਆਪਣੀ ਮਿਹਨਤ ਸਦਕਾ ਆਪਣੇ ਦੇਸ਼ ਦੀ ਤਰੱਕੀ ਵਿੱਚ ਭਾਗੀਦਾਰ ਬਣ ਸਕਣ।
ਲੇਖਕ : ਲਕਸ਼ਮਣ ਸਿੰਘ 99880-45830
