ਨਵੀਂ ਦਿੱਲੀ, 14 ਫਰਵਰੀ (ਪ੍ਰੈਸ ਕਿ ਤਾਕਤ ਬਿਊਰੋ) : ਵਿਸ਼ਵ ਚੈਂਪੀਅਨਸ਼ਿਪ ਦੇ ਚਾਂਦੀ ਦੇ ਤਗਮਾ ਜੇਤੂ ਅਮਿਤ ਪੰਘਾਲ (52 ਕਿੱਲੋ) ਨੂੰ ਕੌਮਾਂਤਰੀ ਉਲੰਪਿਕ ਕਮੇਟੀ (ਆਈ. ਓ. ਸੀ.) ਦੀ ਮੁੱਕੇਬਾਜ਼ੀ ਟਾਸਕ ਫੋਰਸ ਨੇ ਅਗਲੇ ਮਹੀਨੇ ਹੋਣ ਵਾਲੇ ਉਲੰਪਿਕ ਕੁਆਲੀਫਾਈਰ ਤੋਂ ਪਹਿਲਾਂ ਨੰਬਰ ਇਕ ਰੈਂਕਿੰਗ ਦਿੱਤੀ ਹੈ | ਅਮਿਤ ਪੰਘਾਲ (24) ਇਕ ਦਹਾਕੇ ਬਾਅਦ ਆਪਣੀ ਸ਼ੇ੍ਰਣੀ ‘ਚ ਸਿਖਰਲਾ ਦਰਜਾ ਪ੍ਰਾਪਤ ਕਰਨ ਵਾਲੇ ਪਹਿਲੇ ਭਾਰਤੀ ਮੁੱਕੇਬਾਜ਼ ਬਣ ਗਿਆ ਹੈ | ਇਸ ਤੋਂ ਪਹਿਲਾਂ ਉਲੰਪਿਕ ‘ਚ ਕਾਂਸੀ ਦਾ ਤਗਮਾ ਜਿੱਤਣ ਵਾਲੇ ਵਿਜੇਂਦਰ ਸਿੰਘ ਨੇ 2009 ‘ਚ ਸਿਖਰਲੀ ਰੈਂਕਿੰਗ ਹਾਸਲ ਕੀਤੀ ਸੀ, ਜਦੋਂ ਉਨ੍ਹਾਂ ਵਿਸ਼ਵ ਚੈਂਪੀਅਨਸ਼ਿਪ ਦੇ 75 ਕਿੱਲੋ ਵਰਗ ‘ਚ ਕਾਂਸੀ ਦੇ ਤਗਮੇ ਨਾਲ ਭਾਰਤ ਦਾ ਖਾਤਾ ਖੋਲਿਆ ਸੀ | ਮੁੱਕੇਬਾਜ਼ੀ ਟਾਸਕ ਫੋਰਸ ਵਲੋਂ ਜਾਰੀ ਸੂਚੀ ਅਨੁਸਾਰ 24 ਸਾਲ ਦੇ ਪੰਘਾਲ 420 ਅੰਕਾਂ ਨਾਲ ਸਿਖਰਲੇ ਸਥਾਨ ‘ਤੇ ਹਨ | ਮਹਿਲਾ ਰੈਂਕਿੰਗ ‘ਚ 6 ਵਾਰ ਦੀ ਵਿਸ਼ਵ ਚੈਂਪੀਅਨ ਐਮ.ਸੀ. ਮੈਰੀਕਾਮ 51 ਕਿੱਲੋ ਵਰਗ ‘ਚ 5ਵੇਂ ਸਥਾਨ ‘ਤੇ ਹੈ | ਲਵਲੀਨਾ ਬੋਰਗੋਹੇਨ 69 ਕਿੱਲੋ ਵਰਗ ‘ਚ ਤੀਸਰੇ ਸਥਾਨ ਨਾਲ ਚੋਟੀ ਦੀ ਭਾਰਤੀ ਮੁੱਕੇਬਾਜ਼ ਵੀ ਬਣੀ ਹੈ |