ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਨਵੇਂ ਸਾਲ 2024 ਦਾ ਸਰਕਾਰੀ ਕੈਲੰਡਰ ਰਿਲੀਜ਼ ਕੀਤਾ। ਇਸ ਵਿੱਚ ਅਯੁੱਧਿਆ ਸਮੇਤ ਦੇਸ਼ ਭਰ ਦੇ ਹੋਰ ਤੀਰਥ ਸਥਾਨਾਂ ਦੀਆਂ ਤਸਵੀਰਾਂ ਛਾਪੀਆਂ ਗਈਆਂ ਹਨ। ਠਾਕੁਰ ਨੇ ਕਿਹਾ ਕਿ ਇਹ ਕੈਲੰਡਰ 2047 ਤੱਕ ਭਾਰਤ ਨੂੰ ਇੱਕ ਵਿਕਸਤ ਦੇਸ਼ ਬਣਾਉਣ ਦੇ ਮਕਸਦ ਨਾਲ ਪਿਛਲੇ 10 ਸਾਲਾਂ ਵਿੱਚ ਸਰਕਾਰ ਵੱਲੋਂ ਕੀਤੇ ਗਏ ਕੰਮ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ, “2023 ਹੁਣ ਖ਼ਤਮ ਹੋ ਰਿਹਾ ਹੈ ਅਤੇ 2024 ਸਾਡੇ ਲਈ ਨਵੀਆਂ ਸੰਭਾਵਨਾਵਾਂ ਲੈ ਕੇ ਆ ਰਿਹਾ ਹੈ। ਦੁਨੀਆ ਉਮੀਦ ਭਰੀਆਂ ਨਜ਼ਰਾਂ ਨਾਲ ਭਾਰਤ ਵੱਲ ਦੇਖ ਰਹੀ ਹੈ। ਅਜਿਹਾ ਪਿਛਲੇ 10 ਸਾਲਾਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤੀ ਗਈ ਅਗਵਾਈ ਤੇ ਸਰਕਾਰ ਦੀਆਂ ਪ੍ਰਾਪਤੀਆਂ ਸਦਕਾ ਹੋ ਰਿਹਾ ਹੈ।’’ ਇਸ ਮੌਕੇ ਠਾਕੁਰ ਨੇ ਨੈਸ਼ਨਲ ਮੀਡੀਆ ਸੈਂਟਰ ਵਿੱਚ ‘ਹਮਾਰਾ ਸੰਕਲਪ ਵਿਕਸਿਤ ਭਾਰਤ’ ਪ੍ਰਦਰਸ਼ਨੀ ਦਾ ਉਦਘਾਟਨ ਵੀ ਕੀਤਾ।